ਛੱਤਬੀੜ ਚਿੜੀਆਘਰ ‘ਚ ਦੋ ਸ਼ੇਰਾਂ ਵੱਲੋਂ ਹਮਲੇ ਦੌਰਾਨ ਵਿਅਕਤੀ ਦੀ ਮੌਤ
ਜ਼ੀਰਕਪੁਰ, 20 ਜਨਵਰੀ (ਮਧੂਸਾਰ ਬਿਊਰਾ) ਜ਼ੀਰਕਪੁਰ ਛੱਤਬੀੜ ਚਿੜੀਆ ਘਰ ਵਿਚ ਅੱਜ ਦੋ ਸ਼ੇਰਾਂ ਵੱਲੋਂ ਇੱਕ ਅਣਪਛਾਤੇ ਵਿਅਕਤੀ ‘ਤੇ ਹਮਲਾ ਕਰ ਉਸ ਨੂੰ ਜ਼ਖ਼ਮੀ ਕਰ ਦਿੱਤਾ । ਜ਼ਖ਼ਮੀ ਵਿਅਕਤੀ ਨੂੰ ਡੇਰਾਬੱਸੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਤਫ਼ਤੀਸ਼ ਅਧਿਕਾਰੀ ਰਾਜੇਸ਼ ਚੌਹਾਨ ਨੇ ਦਸਿਆ ਕਿ ਛੱਤਬੀੜ ਜ਼ੂ ਵਿਚੋਂ ਘੱਗਰ ਦਰਿਆ ਪਿੱਛੋਂ ਇੱਕ ਵਿਅਕਤੀ ਸ਼ੇਰ ਸਫਾਰੀ ਅੰਦਰ 20-25 ਫੁੱਟ ਦੀਵਾਰ ਪਾਰ ਕਰ ਕੇ ਅੰਦਰ ਵੜ ਗਿਆ ਸੀ। ਸ਼ੇਰ ਸਫਾਰੀ ਬਾਹਰ ਮੌਜੂਦ ਲੋਕਾਂ ਨੂੰ ਸ਼ੇਰ ਸਫਾਰੀ ਅੰਦਰੋਂ ਕਿਸੇ ਵਿਅਕਤੀ ਦੀਆਂ ਚੀਕਾਂ ਦੀ ਆਵਾਜ਼ ਆ ਰਹੀ ਸੀ ਇਸ ਦੀ ਸੂਚਨਾ ਲੋਕਾਂ ਵੱਲੋਂ ਮੌਜੂਦ ਛੱਤਬੀੜ ਜ਼ੂ ਕਰਮਚਾਰੀਆਂ ਨੂੰ ਦਿੱਤੀ ਗਈ, ਤਾਂ ਜ਼ੂ ਕਰਮਚਾਰੀਆਂ ਨੇ ਅੰਦਰ ਵੜ ਕੇ ਅਣਪਛਾਤੇ ਵਿਅਕਤੀ ਨੂੰ ਸ਼ੇਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਜ਼ੂ ਕਰਮਚਾਰੀਆਂ ਵੱਲੋਂ ਜ਼ਖ਼ਮੀ ਵਿਅਕਤੀ ਨੂੰ ਡੇਰਾਬੱਸੀ ਹਸਪਤਾਲ ਵਿਚ ਲਿਜਾਇਆ ਗਿਆ , ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਵਿਅਕਤੀ ਦੀ ਪਛਾਣ ਅਜੇ ਤੱਕ ਨਹੀਂ ਹੋ ਪਾਈ ਹੈ। ਜ਼ੂ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਿਛੋਂ 20- 25 ਫੁੱਟ ਦੀਵਾਰ ਨੂੰ ਟੱਪ ਕੇ ਅੰਦਰ ਆਇਆ, ਜਿਸ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ।

