ਨਿਗਮ ਕਮਿਸ਼ਨਰ ਅਤੇ ਮੇਅਰ ਨੇ ਕਿਹਾ ਇਲਾਕੇ ਦੀ ਬਦਲਾਂਗੇ ਨੁਹਾਰ
ਪਟਿਆਲਾ 5 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਡਾ ਨੇ ਰੋੜੀ ਕੁਟ ਮੁਹੱਲੇ ਦੇ ਆਸ-ਪਾਸ ਪੂਰੇ ਇਲਾਕੇ ਦੀ ਨੁਹਾਰ ਬਦਲਣ ਲਈ ਹਰ ਸੰਭਵ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਅੱਜ ਇਲਾਕੇ ਵਿੱਚ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਉਰੋ ਵੱਲੋਂ ਨਿਗਮ ਦੇ ਸਹਿਯੋਗ ਨਾਲ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਜਿਨ੍ਹਾਂ ਕੋਲ ਘਰ ਵਿੱਚ ਸ਼ੋਚਾਲਿਆ ਨਹੀਂ ਹਨ ਉਨ੍ਹਾਂ ਲਈ ਇਲਾਕੇ ਵਿੱਚ ਇੱਕ ਹੋਰ ਕਮਨਿਉਟੀ ਪਖਾਨਾ ਬਣਵਾਇਆ ਜਾਵੇਗਾ ਤਾਂ ਕਿ ਮਹਿਲਾਵਾਂ ਅਤੇ ਹੋਰ ਬਾਹਰ ਖੁੱਲੇ ਵਿੱਚ ਸ਼ੌਚ ਲਈ ਨਾ ਜਾਣ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਸੁਲਭ ਸ਼ੋਚਾਲਿਆ ਦੇ ਇਸਤੇਮਾਲ ਕਰਨ ‘ਤੇ ਉਨ੍ਹਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ, ਬਲਕਿ ਨਿਗਮ ਸ਼ੁਲਭ ਵਾਲਿਆਂ ਨੂੰ ਪੈਸੇ ਦੇਵੇਗਾ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੀ ਹਰ ਹੀਲੇ ਕੀਤੇ ਜਾ ਰਹੇ ਹਨ। ਇਸ ਮੌਕੇ ਇਲਾਕਾ ਵਾਸੀਆਂ ਨੇ ਵੀ ਹੱਥ ਖੜੇ ਕਰਕੇ ਸਵੱਛਤਾ ਬਣਾਈ ਰੱਖਣ ਲਈ ਨਿਗਮ ਦਾ ਪੂਰਾ ਸਹਿਯੋਗ ਕਰਨ ਲਈ ਕਿਹਾ।
ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਮੇਅਰ ਸੰਜੀਵ ਸ਼ਰਮਾ ਨੇ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇਲਾਕਾ ਨਿਵਾਸੀਆਂ ਦੇ ਉਨ੍ਹਾਂ ਬਸ਼ੀਂਦਿਆਂ ਦੇ ਫਾਰਮ ਭਰਨ ਲਈ ਕਿਹਾ, ਜਿਨ੍ਹਾਂ ਘਰ ਪਖਾਨੇ ਨਹੀਂ ਬਣੇ ਹੋਏ ਹਨ। ਨਿਵਾਸੀਆਂ ਨੂੰ ਇਲਾਕੇ ਦੀ ਸਾਫ ਸਫਾਈ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੂੜੇ ਨੂੰ ਇੱਕੋ ਥਾਂ ਸੁੱਟਣ ਲਈ ਛੇਤੀ ਹੀ ਦੋ ਵੱਡੇ ਕੰਟੇਨਰ ਉੱਥੇ ਰਖਵਾਏ ਜਾਣਗੇ। ਉਨ੍ਹਾਂ ਸਮੂਹ ਸ਼ਹਿਰਵਾਸੀਆਂ ਨੂੰ ਸਵੱਛਤਾ ਵਿੱਚ ਪਟਿਆਲਾ ਨੂੰ ਦੇਸ਼ ਭਰ ਵਿੱਚ ਮੋਹਰੀ ਸੂਬਿਆਂ ਵਿੱਚ ਲਿਆਉਣ ਲਈ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਜਾਗਰੂਕਤਾ ਪ੍ਰੋਗਰਾਮ ਤੋਂ ਪਹਿਲਾ ਨਿਗਮ ਦੇ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਵੱਲੋਂ ਇਲਾਕੇ ਵਿੱਚ ਸ਼ਰਮਦਾਨ ਦੀ ਸ਼ੁਰੂਆਤ ਕਰਦਿਆਂ ਕੂੜਾ ਚੁੱਕਣ ਵਿੱਚ ਪਹਿਲਕਦਮੀ ਕੀਤੀ ਅਤੇ ਸਾਰਿਆਂ ਨੂੰ ਨਾਲ ਜੁੜਨ ਦਾ ਸੱਦਾ ਦਿੱਤਾ।
ਪ੍ਰੋਗਰਾਮ ਦੌਰਾਨ ਵਾਰਡ ਨੰਬਰ 31 ਅਤੇ 41 ਦੇ ਕੌਂਸਲਰ ਸ਼੍ਰੀਮਤੀ ਜਸਪਾਲ ਕੌਰ ਅਤੇ ਸ਼੍ਰੀਮਤੀ ਸੋਨੀਆ ਕਪੂਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਨ੍ਹਾਂ ਦੋਵਾਂ ਵਾਰਡਾਂ ਵਿੱਚ ਸਾਫ-ਸਫਾਈ ਦਾ ਚੰਗਾ ਕੰਮ ਕਰਨ ਵਾਲੇ ਸੱਤ ਸਫਾਈ ਸੈਨੀਕਾਂ ਨੂੰ ਮੰਤਰਾਲੇ ਦੇ ਵਿਭਾਗ ਦੇ ਪ੍ਰਮਾਣ ਪੱਤਰ ਅਤੇ ਵਿਸ਼ੇਸ਼ ਬਿੱਲੇ ਦੇ ਕੇ ਨਗਰ ਕਮਿਸ਼ਨਰ, ਮੇਅਰ ਅਤੇ ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਵੱਲੋਂ ਸਨਮਾਨਿਤ ਕੀਤਾ ਗਿਆ।ਇਨ੍ਹਾਂ ਦੇ ਵਿੱਚ ਮਹਿੰਦਰ, ਸੋਨੂੰ, ਸੰਨੀ, ਗੀਤਾ, ਸੋਮਾ, ਸੰਤੋਸ਼, ਮਹਿੰਦਰ, ਸਤਵੀਰ, ਰਾਣੀ ਅਤੇ ਰਾਮ ਕੁਮਾਰ ਸ਼ਾਮਿਲ ਹਨ। ਆਤਮਾ ਰਾਮ ਕੁਮਾਰ ਸਭਾ ਸੀ.ਸੈ.ਸਕੂਲ ਵਿੱਚ ਸਵੱਛਤਾ ਬਾਰੇ ਕਰਵਾਏ ਡਰਾਇੰਗ ਮੁਕਾਬਲੇ ਦੇ ਜੇਤੂਆਂ ਰੋਹਿਤ, ਅਰਾਧਨਾ, ਨੇਹਾ ਯਾਦਵ, ਸਮੀਰ ਅਤੇ ਮਹਿਕ ਨੂੰ ਵੀ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਪ੍ਰਿਸੀਪਲ ਵਿਵੇਕ ਸਿਆਲ ਵੀ ਮੌਦੂਦ ਸਨ। ਪ੍ਰੋਗਰਾਮ ਵਿੱਚ ਬਾਗਬਾਣੀ ਵਿਭਾਗ ਦੇ ਐਕਸੀਅਨ ਦਲੀਪ ਕੁਮਾਰ ਨੇ ਗਿੱਲੇ ਕੂੜੇ ਤੋਂ ਖਾਦ ਬਨਾਉਣ , ਮਨਪ੍ਰੀਤ ਕੌਰ ਨੇ ਕੂੜੇ ਨੂੰ ਘੱਟ ਕਰਨ ਅਤੇ ਸਵੱਛਤਾ ਐਪ ਦੇ ਇਸਤੇਮਾਲ ਅਤੇ ਅਮਨ ਸੇਖੋਂ ਨੇ ਕੂੜੇ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।

