ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀ ਹੈ: ਸੁਖਬੀਰ ਬਾਦਲ
ਕਿਹਾ ਕਿ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਪੰਜਾਬੀਆਂ ਨਾਲ ਕੀਤੇ ਵਿਸ਼ਵਾਸ਼ਘਾਤ ਦੀ ਕੀਮਤ ਦੇਣੀ ਪਵੇਗੀ
ਨਾਭਾ/ਪਟਿਆਲਾ 8 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬੇਲੋੜੇ ਟੈਕਸ ਥੋਪ ਕੇ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਅਤੇ ਦੱਬੇ-ਕੁਚਲਿਆਂ ਲਈ ਸ਼ੁਰੂ ਕੀਤੀਆਂ ਸ਼ਗਨ ਅਤੇ ਆਟਾ ਦਾਲ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀ ਹੈ।
ਅੱਜ ਨਾਭਾ ਅਤੇ ਸ਼ੁਤਰਾਣਾ ਹਲਕੇ ਦੇ ਪਾਰਟੀ ਵਰਕਰਾਂ ਨੂੰ ਮਿਲਣ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ ਲਾਗੂ ਕਰਨ ਸੰਬੰਧੀ ਕਾਂਗਰਸੀ ਆਗੂਆਂ ਦੇ ਝੂਠੇ ਭਰੋਸਿਆਂ ਨੂੰ ਸੁਣ ਸੁਣ ਕੇ ਲੋਕ ਅੱਕੇ ਪਏ ਹਨ। ਉਹ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣਗੇ। ਕਾਂਗਰਸ ਪਾਰਟੀ ਨੇ ਮੁਕੰਮਲ ਕਰਜ਼ਾ ਮੁਆਫੀ, ਹਰ ਘਰ ‘ਚ ਨੌਕਰੀ, ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਅਤੇ ਮੁਫਤ ਸਮਾਰਟ ਫੋਨ ਦੇਣ ਦੇ ਵਾਅਦੇ ਕਰਕੇ ਪੰਜਾਬੀਆਂ ਨੂੰ ਬੇਵਕੂਫ ਬਣਾਇਆ ਸੀ।ਹੁਣ ਕਾਂਗਰਸ ਨੂੰ ਪੰਜਾਬੀਆਂ ਨਾਲ ਕੀਤੇ ਇਸ ਵਿਸ਼ਵਾਸ਼ਘਾਤ ਦੀ ਕੀਮਤ ਤਾਰਣੀ ਪੈਣੀ ਹੈ।
ਲੋਕਾਂ ਨੂੰ ਇਹ ਪੁੱਛਦਿਆਂ ਕਿ ਨਾਭਾ ਹਲਕੇ ਦੇ ਵਿਧਾਇਕ ਨੇ ਸ਼ਹਿਰ ਦੇ ਵਿਕਾਸ ਲਈ ਸਰਕਾਰ ਕੋਲੋਂ ਕਿੰਨੀ ਕੁ ਗਰਾਂਟ ਮਨਜ਼ੂਰ ਕਰਵਾਈ ਹੈ, ਸਰਦਾਰ ਬਾਦਲ ਨੇ ਕਿਹਾ ਕਿ ਮੈਂ ਜਦੋਂ ਸ਼ਹਿਰ ‘ਚ ਵੜਿਆ ਤਾਂ ਵੇਖਿਆ ਕਿ ਸੀਵਰੇਜ ਦਾ ਬੁਰਾ ਹਾਲ ਸੀ। ਕਿੰਨੇ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਹਲਕੇ ਦਾ ਹਿੱਸਾ ਹੋਣ ਦੇ ਬਾਵਜੂਦ ਉਸ ਨੇ ਇਸ ਇਤਿਹਾਸਕ ਸ਼ਹਿਰ ਅੰਦਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਵੀ ਨਹੀਂ ਸੋਚਿਆ। ਉਹਨਾਂ ਕਿਹਾ ਕਿ ਇਹ ਸਰਕਾਰ ਕੁੱਝ ਲਾਲਚੀ ਲੋਕਾਂ ਦੁਆਰਾ ਚਲਾਈ ਜਾ ਰਹੀ ਹੈ, ਜਿਹੜੇ ਤਦ ਤਕ ਲੋਕਾਂ ਦੀ ਭਲਾਈ ਬਾਰੇ ਦਿਲਚਸਪੀ ਨਹੀਂ ਵਿਖਾਉਂਦੇ ਜਦ ਤਕ ਅਜਿਹੇ ਲੋਕ ਭਲਾਈ ਪ੍ਰਾਜੈਕਟ ਰਾਹੀਂ ਉਹਨਾਂ ਦੇ ਨਿੱਜੀ ਹਿੱਤ ਪੂਰੇ ਨਾ ਹੁੰਦੇ ਹੋਣ।
ਕਾਂਗਰਸੀ ਵਿਧਾਇਕਾਂ ਉੱਤੇ ਲੋਕਾਂ ਅਤੇ ਪਾਰਟੀ ਵਰਕਰਾਂ ਕੋਲੋਂ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਸਰਪੰਚ ਬਣਾਉਣ ਦੇ ਵੀ ਪੈਸੇ ਲੈ ਰਹੇ ਹਨ। ਉਹਨਾਂ ਕਿਹਾ ਕਿ ਮੈ ਸੋਚਦਾ ਕਿ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਦੁਬਾਰਾ ਸੱਤਾ ਵਿਚ ਨਹੀਂ ਆਉਣੀ , ਇਸ ਲਈ ਉਹ ਸੱਤਾ ਵਿਚ ਹੋਣ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਹਨ ਅਤੇ ਦੋਵੇਂ ਹੱਥਾਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ।
ਸਰਦਾਰ ਬਾਦਲ ਨੇ ਸੂਬਾ ਸਰਕਾਰ ਉੱਤੇ ਆਪਣੇ ਵਿਧਾਇਕਾਂ ਨੂੰ ਸ਼ਰਾਬ ਦੀ ਤਸਕਰੀ ਕਰਨ ਦੀ ਖੁੱਲ੍ਹ ਦੇਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸ਼ਰਾਬ ਦੀ ਸਾਰੀ ਤਸਕਰੀ ਕਾਂਗਰਸੀ ਵਿਧਾਇਕ ਕਰਵਾਉਂਦੇ ਹਨ। ਹਰਿਆਣਾ ਤੋਂ ਟਰੱਕਾਂ ਦੇ ਟਰੱਕ ਸ਼ਰਾਬ ਆ ਰਹੀ ਹੈ। ਰੇਤ ਖੱਡਾਂ ਉੱਤੇ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।ਕਾਂਗਰਸ ਸਰਕਾਰ ਨੇ ਰੇਤ ਖੱਡਾਂ ਦੀ ਨੀਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਅੰਦਰ ਪੈਸਾ ਲਿਆਉਣ ਦੀ ਥਾਂ ਆਪਣੇ ਮੰਤਰੀਆਂ ਨੂੰ ਸੂਬੇ ਦੇ ਕੁਦਰਤੀ ਸਰੋਤ ਲੁੱਟਣ ਦੀ ਖੁੱਲ੍ਹ ਦੇ ਰੱਖੀ ਹੈ।
ਉਹਨਾਂ ਕਿਹਾ ਕਿ ਜਦੋਂ ਸੂਬੇ ਦੇ ਲੋਕ ਕਾਂਗਰਸ ਸਰਕਾਰ ਨੂੰ ਉਹਨਾਂ ਨਾਲ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਕਰਨ ਲਈ ਕਹਿੰਦੇ ਹਨ ਤਾਂ ਕਾਂਗਰਸੀ ਮੰਤਰੀ ਖ਼ਜ਼ਾਨਾ ਖਾਲੀ ਹੋਣ ਦੇ ਬਹਾਨੇ ਬਣਾਉਣਾ ਸ਼ੁਰੂ ਕਰ ਦਿੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਰੱਖੜਾ, ਦੀਦਾਰ ਸਿੰਘ ਭੱਟੀ, ਕਬੀਰ ਦਾਸ ਅਤੇ ਬੀਬੀ ਵਨਿੰਦਰ ਕੌਰ ਲੂੰਬਾ ਵੀ ਹਾਜ਼ਿਰ ਸਨ।

