ਦੇਸ਼-ਵਿਦੇਸ਼ਪੰਜਾਬਪਟਿਆਲਾ

ਕਾਂਗਰਸ ‘ਸਿੱਟ’ ਦੇ ਬਲਬੂਤੇ ਮੁੱਦਿਆਂ ਤੋਂ ਧਿਆਨ ਕਰ ਰਹੀ ਪਾਸੇ : ਮਜੀਠੀਆ

ਸਤਬੀਰ ਖੱਟੜਾ ਤੇ ਹਰਪਾਲ ਜੁਨੇਜਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਕੈਪਟਨ ਦੇ ਸ਼ਹਿਰ ਯੂਥ ਰੈਲੀ ਦਾ ਉਮੜਿਆ ਜਨ ਸੈਲਾਬ
ਕੰਵਰ ਬੇਦੀ
ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ‘ਚ ਯੂਥ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਪਾਲ ਜੁਨੇਜਾ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ ਨੇ ਵੱਡਾ ਇਕੱਠ ਕਰਕੇ ਰੈਲੀ ਨੂੰ ਇਤਿਹਾਸਕ ਬਣਾ ਦਿੱਤਾ ਹੈ। ਰੈਲੀ ‘ਚ ਪੁੱਜਣ ਤੋਂ ਪਹਿਲਾਂ ਮਾਝੇ ਦੇ ਜਰਨੈਲ ਸਿੰਘ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਯੂਥ ਵਰਕਰਾਂ ਨੇ ਜਿਥੇ ਆਪਣਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਉਥੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰਿਆਂ ਨਾਲ ਕੈਪਟਨ ਦਾ ਸ਼ਹਿਰ ਵੀ ਗੂੰਜ ਉਠਿਆ।

ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਮਹਿਸੂਸ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਗੇ ਅਰਜ਼ੋਈਆਂ ਕਰ ਰਹੇ ਹਨ, ਪਰੰਤੂ ਅਜਿਹਾ ਕਰਨ ਨਾਲ ਵੀ ਚੋਣਾਂ ਦੇ ਨਤੀਜੇ ਨਹੀਂ ਬਦਲਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਕਿਹਾ ਕਿ 2017 ਵਿਚ ਵਿਧਾਨ ਸਭਾ ਚੋਣਾਂ ਮੌਕੇ ਵੀ ਕਾਂਗਰਸ ਨੇ ਚੋਣ ਮੈਨੀਫੈਸਟੋ ਬਣਾਉਣ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਨਾਂ ਦਾ ਇਸਤੇਮਾਲ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਇਸ ਉਮੀਦ ਨਾਲ ਡਾਕਟਰ ਮਨਮੋਹਨ ਸਿੰਘ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਹ ਸੂਬੇ ਅੰਦਰ ਪਾਰਟੀ ਦੇ ਹੋ ਰਹੇ ਨਿਘਾਰ ਨੂੰ ਰੋਕ ਦੇਣਗੇ।
ਉਹਨਾਂ ਕਿਹਾ ਕਿ ਪਰ ਇਹ ਸੰਭਵ ਨਹੀਂ ਹੈ, ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਅਜਿਹੇ ਵਾਅਦੇ ਕਰਨ ਵਾਸਤੇ ਇਸਤੇਮਾਲ ਕੀਤਾ ਗਿਆ ਸੀ, ਜਿਹਨਾਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕ ਹੁਣ ਕਾਂਗਰਸ ਉੱਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ, ਕਿਉਂਕਿ ਇਸ ਨੇ ਆਪਣੇ ਪੁਰਾਣੇ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਆਪਣੀਆਂ ਪ੍ਰਾਪਤੀਆਂ ਬਾਰੇ ਅਖ਼ਬਾਰਾਂ ਵਿਚ ਝੂਠੇ ਇਸ਼ਤਿਹਾਰ ਦਿਵਾ ਕੇ ਕਾਂਗਰਸ ਪਾਰਟੀ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਉਹ ਇਹਨਾਂ ਸਾਰੇ ਇਸ਼ਤਿਹਾਰ ਦੀ ਜਾਂਚ ਕਰਵਾਉਣਗੇ ਅਤੇ ਜਾਂਚ ਤੋਂ ਬਾਅਦ ਫਜ਼ੂਲ ਖਰਚ ਕੀਤੇ ਗਏ ਜਨਤਕ ਪੈਸੇ ਦੀ ਕਾਂਗਰਸੀ ਆਗੂਆਂ ਦੀਆਂ ਜੇਬਾਂ ਵਿਚੋਂ ਭਰਪਾਈ ਕਰਵਾਉਣਗੇ।
ਅਕਾਲੀ ਦਲ ਵੱਲੋਂ ਸਿਟ ਦੇ ਕੀਤੇ ਬਾਈਕਾਟ ਸੰਬੰਧੀ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿਟ ਮੈਂਬਰਾਂ ਕੋਲ ਕੋਈ ਤਾਕਤ ਨਹੀਂ ਹੈ, ਉਹਨਾਂ ਨੂੰ ਕੁਝ ਖਾਸ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਅਤੇ ਉਹਨਾਂ ਦੇ ਝੋਲੀਚੁੱਕਾਂ ਵੱਲੋਂ ਨਿਰਦੇਸ਼ ਦਿੱਤੇ ਜਾ ਰਹੇ ਹਨ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਮਿਸਾਲ ਦਿੰਦੇ ਹੋਏ ਸਰਦਾਰ ਮਜੀਠੀਆ ਨੇ ਸੁਆਲ ਕੀਤਾ ਕਿ ਇਹ ਕਿੱਦਾਂ ਸੰਭਵ ਹੈ ਕਿ ਜਦੋਂ ਹਲਕੇ ਅੰਦਰ ਇੰਨਾ ਵੱਡਾ ਸੰਕਟ ਹੋਵੇ ਤਾਂ ਇੱਕ ਜਨਤਕ ਨੁੰਮਾਇਦਾ ਆਪਣੇ ਹਲਕੇ ਅੰਦਰ ਲੋਕਾਂ ਨੂੰ ਫੋਨ ਨਾ ਕਰੇ। ਉਹਨਾਂ ਕਿਹਾ ਕਿ ਜੇਕਰ ਕੇਸ ਦਰਜ ਕਰਨ ਲਈ ਇਹੀ ਆਧਾਰ ਬਣਦਾ ਹੈ ਤਾਂ ਫਿਰ ਮੁੱਖ ਮੰਤਰੀ ਉੱਤੇ ਵੀ ਕੇਸ ਦਰਜ ਕੀਤਾ ਜਾਵੇ ਕਿ ਉਸ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪਟਿਆਲਾ ਵਿਚ ਨਰਸਾਂ ਨੂੰ ਛੱਤ ਤੋਂ ਛਾਲ ਮਾਰਨ ਲਈ ਉਕਸਾਇਆ ਜਾਵੇ।

Leave a Reply

Your email address will not be published. Required fields are marked *