ਪਟਿਆਲਾ

1 ਕੁਇੰਟਲ 25 ਕਿਲੋ ਭੂੱਕੀ ਚੂਰਾ ਪੋਸਤ ਸਮੇਤ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ: ਅਮਨੀਤ ਕੌਂਡਲ

ਫ਼ਤਹਿਗੜ੍ਹ ਸਾਹਿਬ, 22 ਮਾਰਚ (ਮਧੂਸਾਰ ਬਿਊਰੋ) ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਤੇ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਟਰੱਕ ਵਿੱਚੋਂ 01 ਕੁਇੰਟਲ 25 ਕਿਲੋ ਭੂੱਕੀ ਚੂਰਾ ਪੋਸਤ ਸਮੇਤ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਹੋਰ ਵਿਸ਼ੇਸ਼ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ 3400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।

ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿੱਚ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ, ਡੀ.ਐਸ.ਪੀ. ਅਮਲੋਹ ਸ. ਗੁਰਸ਼ੇਰ ਸਿੰਘ ਸੰਧੂ ਅਤੇ ਡੀ.ਐਸ.ਪੀ. ਕਰਾਈਮ ਫ਼ਤਹਿਗੜ੍ਹ ਸਾਹਿਬ ਸ਼੍ਰੀ ਜਸਵਿੰਦਰ ਸਿੰਘ ਸਮੇਤ ਸੀ.ਆਈ.ਏ ਸਟਾਫ ਦੇ ਇੰਚਾਰਜ ਰਾਜਪਾਲ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਐਸ.ਪੀ. (ਜਾਂਚ) ਅਤੇ ਡੀ.ਐਸ.ਪੀ. ਕਰਾਈਮ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਇੰਚਾਰਜ ਦੀ ਅਗਵਾਈ ਵਿੱਚ ਏ.ਐਸ.ਆਈ. ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਚੈਕਿੰਗ ਲਈ ਅਮਲੋਹ ਦੇ ਢੋਲਾਂ ਵਾਲਾ ਚੌਂਕ ਵਿਖੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ, ਜਿਥੇ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾਂ ਮਿਲੀ ਸੀ ਕਿ ਦੋ ਸਕੇ ਭਰਾ ਓਂਕਾਰ ਸਿੰਘ ਅਤੇ ਭਵਖੰਡਨ ਸਿੰਘ ਉਰਫ ਬਿੱਟੂ ਵਾਸੀ ਪਿੰਡ ਅਲਾਦਾਦਪੁਰ (ਅਮਲੋਹ), ਜੋ ਕਿ ਟਰੱਕ ਡਰਾਇਵਰੀ ਦੀ ਆੜ ਵਿੱਚ ਦੂਜੇ ਰਾਜਾਂ ਤੋਂ ਭੂੱਕੀ ਚੂਰਾ ਪੋਸਤ ਲਿਆ ਕੇ ਅਮਲੋਹ ਅਤੇ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਵੇਚਦੇ ਹਨ, ਜਿਸ ਦੇ ਆਧਾਰ ‘ਤੇ ਸੀ.ਆਈ.ਏ. ਦੀ ਪੁਲਿਸ ਪਾਰਟੀ ਵੱਲੋਂ ਟੀ -ਪੁਆਂਇੰਟ ਬੁੱਗਾ ਕੈਂਚੀਆਂ ਅਮਲੋਹ ਵਿਖੇ ਨਾਕਾਬੰਦੀ ਦੌਰਾਨ ਟਰੱਕ ਨੰਬਰ ਪੀ.ਬੀ.-23 ਐਮ-2709 ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ‘ਤੇ ਟਰੱਕ ਦੇ ਕੈਬਿਨ ਵਿੱਚੋਂ ਡਰਾਈਵਰ/ਕੰਡਕਟਰ ਦੀ ਪਿਛਲੀ ਸੀਟ ‘ਤੇ ਪੰਜ ਥੈਲੇ ਭੂੱਕੀ, ਚੂਰਾ ਪੋਸਤ ਜਿਸ ਦਾ ਵਜ਼ਨ 01 ਕੁਇੰਟਲ 25 ਕਿਲੋ ਬਣਦਾ ਹੈ, ਬਰਾਮਦ ਕੀਤੀ ਗਈ ਅਤੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਅਮਲੋਹ ਵਿਖੇ ਪਰਚਾ ਦਰਜ਼ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਮੂਲੇਪੁਰ ਇੰਸਪੈਕਟਰ ਭਗਵੰਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਨਾਇਬ ਸਿੰਘ ਸਮੇਤ ਪੁਲਿਸ ਪਾਰਟੀ ਨੇ ਜੀ.ਟੀ. ਰੋਡ ਨੇੜੇ ਮੈਕਡੋਨਾਲਡ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ, ਪੁਲਿਸ ਪਾਰਟੀ ਵੱਲੋਂ ਮੋਟਰ ਸਾਈਕਲ ਨੰਬਰ ਐਚ.ਆਰ-01 ਐਕਸ-2675 ਹੀਰੋ ਹੋਂਡਾ ਪੈਸ਼ਨ ਸਵਾਰ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਦੀ ਪਹਿਚਾਣ ਵਿਜੇ ਕੁਮਾਰ ਉਰਫ ਮੋਨੂੰ ਵਾਸੀ ਬਲਦੇਵ ਨਗਰ ਅੰਬਾਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਮੋਟਰ ਸਾਈਕਲ ਦੇ ਹੈਂਡਲ ‘ਤੇ ਬੰਨੇ ਝੋਲੇ ਵਿੱਚੋਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਸੁਰਾਗ ਮਿਲਣ ਦੇ ਆਸਾਰ ਹਨ।

Leave a Reply

Your email address will not be published. Required fields are marked *