ਪੰਜਾਬਪਟਿਆਲਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗੀਤ ਅਤੇ ਸੰਗੀਤ ਵਿਗਿਆਨ: ਗਲੋਬਲੀ ਪਰਿਪੇਖ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਪਟਿਆਲਾ 31 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਵੱਲੋਂ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਗੀਤ ਅਤੇ ਸੰਗੀਤ ਵਿਗਿਆਨ: ਗਲੋਬਲੀ ਪਰਿਪੇਖ’ ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਕਾਲਜ ਵੱਲੋਂ ਆਯੋਜਿਤ ਇਹ ਸੈਮੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਇੰਦਰਕਲਾ ਸੰਗੀਤ ਵਿਸ਼ਵਵਿਦਿਆਲਾ ਖੇਰਾਗੜ੍ਹ­ ਛੱਤੀਸਗੜ੍ਹ ਦੇ ਸਾਬਕਾ ਵਾਇਸ ਚਾਂਸਲਰ ਡਾ. ਇੰਦਰਾਨੀ ਚੱਕਰਵਰਤੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋਫੈਸਰ ਡਾ. ਗੁਰਨਾਮ ਸਿੰਘ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਅਤੇ ਕੁੰਜੀਵਤ ਭਾਸ਼ਣ ਦਿੱਤਾ। ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਰਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਅਤੇ ਕਾਨਫ਼ਰੰਸ ਦੇ ਉਦੇਸ਼ ‘ਤੇ ਚਾਨਣਾ ਪਾਇਆ। ਇਸ ਸੈਮੀਨਾਰ ਦੇ ਸਮਾਪਤੀ ਸੈਸ਼ਨ ਦੌਰਾਨ ਮੁੰਬਈ ਦੀ ਗੰਧਰਵ ਸੰਗੀਤ ਯੂਨੀਵਰਸਿਟੀ, ਲਖਨਊ ਦੇ ਸਾਬਕਾ ਵਾਇਸ ਚਾਂਸਲਰ ਅਤੇ ਗਵਾਲੀਅਰ ਘਰਾਣੇ ਦੇ ਸ਼੍ਰੇਸ਼ਠ ਗਾਇਕ ਪੰਡਿਤ ਵਿਦਿਆਧਰ ਵਿਆਸ ਨੇ ਮੁੱਖ ਭਾਸ਼ਣ ਦਿੱਤਾ। ਇਸ ਸੈਮੀਨਾਰ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚੋਂ 100 ਤੋਂ ਵੱਧ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ। ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਸੈਮੀਨਾਰ ਦੇ ਵਿਸ਼ੇ ‘ਤੇ ਚਾਨਣਾ ਪਾਇਆ। ਇਕ ਮੌਕੇ ਰੀਡਿਫਾਇਨਿੰਗ ਕਲਾਸੀਕਲ­ ਸੈਮੀ ਕਲਾਸੀਕਲ ਐਂਡ ਲਾਇਟ ਮਿਊਜ਼ਿਕ: ਨਿਊ ਪ੍ਰੈਸਪੈਕਟਿਵ ਵਿਸ਼ੇ ਨਾਲ ਸਬੰਧਤ ਪੁਸਤਕ ਵੀ ਰਿਲੀਜ਼ ਕੀਤੀ ਗਈ।
ਡਾ. ਇੰਦਰਾਨੀ ਚੱਕਰਵਰਤੀ ਨੇ ਆਪਣੇ ਭਾਸ਼ਣ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚੋਂ ਉਦਾਹਰਣਾਂ ਲੈ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਸੇਧ ਲੈਣ ਲਈ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਸੰਗੀਤ ਦਾ ਸੰਬੰਧ ਆਤਮਾ ਨਾਲ ਹੈ ਇਸ ਲਈ ਗੁਰੂ ਨਾਨਕ ਸਾਹਿਬ ਨੇ ਸੰਗੀਤ ਦੇ ਮਾਧਿਅਮ ਰਾਹੀਂ ਆਪਣੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ।
ਡਾ. ਗੁਰਨਾਮ ਸਿੰਘ ਨੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਵਿਚ ਰੂਹਾਨੀ ਸੰਦੇਸ਼ ਦਾ ਸੰਚਾਰ ਕਰਨ ਲਈ ਸੰਗੀਤ ਨੂੰ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਧਰਮਾਂ ਵਿਚ ਸਿੱਖ ਧਰਮ ਦਾ ਇਕ ਵਿਲੱਖਣ ਸਥਾਨ ਹੈ ਉਸੇ ਤਰ੍ਹਾਂ ਭਾਰਤੀ ਸੰਗੀਤ ਵਿਚ ਗੁਰਮਤਿ ਸੰਗੀਤ ਦਾ ਵੀ ਇਕ ਵੱਖਰਾ ਸਥਾਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਮ ਤੋਂ ਲੈ ਕੇ ਮੌਤ ਤੱਕ ਜੀਵਨ ਦੀ ਮਰਿਆਦਾ ਨਾਲ ਸੰਬੰਧਿਤ ਕੋਈ ਵੀ ਪੱਖ ਸੰਗੀਤ ਤੋਂ ਬਿਨ੍ਹਾਂ ਪੂਰਾ ਨਹੀਂ ਹੁੰਦਾ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮਾਜਿਕ ਸਥਿਤੀਆਂ ਦੇ ਮੱਦੇਨਜ਼ਰ ਕਾਲਜ ਵੱਲੋਂ ਸਮਾਜ ਦੇ ਉਸਾਰੂ ਭਵਿੱਖ ਦੀ ਕਾਮਨਾ ਹਿੱਤ ਸਭਿਆਚਾਰਕ ਗੀਤ­ ਸੰਗੀਤ ਨੂੰ ਵਰਤਮਾਨ ਗਾਇਕੀ ਦੇ ਬਦਲ ਵਜੋਂ ਪੇਸ਼ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਆਪਣੀ ਬਾਣੀ ਲਈ ਵਰਤੇ ਗਏ 19 ਰਾਗਾਂ ਨੂੰ ਲੈ ਕੇ 19 ਗੀਤਾਂ ਦਾ ਪ੍ਰੋਜੈਕਟ ਤਿਆਰ ਕਰਨ ਦੀ ਭਵਿੱਖੀ ਯੋਜਨਾ ਨੂੰ ਵੀ ਸਾਂਝਾ ਕੀਤਾ।
ਪੰਡਿਤ ਵਿਦਿਆਧਰ ਵਿਆਸ ਨੇ ਕਿਹਾ ਕਿ ਭਾਰਤੀ ਸੰਗੀਤ ਵਰਗੀ ਰਾਗਬੱਧਤਾ ਵਿਸ਼ਵ ਦੇ ਹੋਰ ਕਿਸੇ ਵੀ ਦੇਸ਼ ਦੇ ਸੰਗੀਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰਮ ਲਈ ਕਰਮ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਗੀਤ ਅਤੇ ਸਿੱਖਿਆਵਾਂ ਸਾਰੇ ਸੰਸਾਰ ਦਾ ਮਾਰਗ ਦਰਸ਼ਨ ਕਰਦੇ ਹਨ।
ਇਸ ਸੈਮੀਨਾਰ ਦੇ ਸੰਵਾਦ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਨਿਵੇਦਿਤਾ ਉੱਪਲ, ਸਰਕਾਰੀ ਕਾਲਜ ਲੜਕੀਆਂ ਚੰਡੀਗੜ੍ਹ ਦੇ ਡਾ. ਹਰਵਿੰਦਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਡਾ. ਜਸਵੰਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਸੰਗੀਤ ਅਤੇ ਸੰਗੀਤ ਵਿਗਿਆਨ ਦੇ ਵਿਸ਼ਵੀ ਪਰਿਪੇਖ ਬਾਰੇ ਵਿਚਾਰ ਚਰਚਾ ਕੀਤੀ। ਡਾ. ਨਿਵੇਦਿਤਾ ਉੱਪਲ ਨੇ ਗੁਰੂ ਨਾਨਕ ਬਾਣੀ ਦੇ ਕ੍ਰਾਂਤੀਕਾਰੀ ਪੱਖ ਤੇ ਵੀ ਚਾਨਣਾ ਪਾਇਆ।
ਇਸ ਸੈਮੀਨਾਰ ਦੇ ਦੂਸਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਜਸਬੀਰ ਕੌਰ ਨੇ ਕੀਤੀ ਅਤੇ ਇਸ ਸੈਸ਼ਨ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਾ. ਗੁਰਪ੍ਰੀਤ ਕੌਰ, ਦਿੱਲੀ ਯੂਨੀਵਰਸਿਟੀ ਦਿੱਲੀ ਦੇ ਡਾ. ਸੁਨੀਰਾ ਕਾਸਲੀਵਾਲ ਵਿਆਸ, ਜੈਪੁਰ ਦੇ ਡਾ. ਪ੍ਰਭਾ ਭਾਰਦਵਾਜ ਨੇ ਗੁਰੂ ਨਾਨਕ ਦੇਵ ਜੀ ਦੀ ਸੰਗੀਤ ਕਲਾ ਅਤੇ ਉਸ ਦੇ ਮਹੱਤਵ ਸਬੰਧੀ ਮੁੱਖ ਬੁਲਾਰੇ ਵਜੋਂ ਆਪਣੇ ਮੁੱਲਵਾਨ ਵਿਚਾਰ ਪ੍ਰਸਤੁਤ ਕੀਤੇ।
ਇਸ ਸੈਮੀਨਾਰ ਦੇ ਉਦਘਾਟਨੀ ਅਤੇ ਸਮਾਪਨ ਸਮਾਰੋਹ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਅਤੇ ਡਾ. ਗੌਰੀ ਖੰਨਾ ਨੇ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਸੰਗੀਤ ਗਾਇਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਦਾ ਗਾਇਨ ਵੀ ਕੀਤਾ ਗਿਆ। ਪ੍ਰੋ. ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *