ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ ਨਾਲ ਰੂਬਰੂ
ਪਟਿਆਲਾ 31 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਉਘੇ ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ (ਸੰਪਾਦਕ ‘ਸੰਵਾਦ’) ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੂਬਰੂ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ, ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਮੁਖੀ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਗੁਰਸ਼ਰਨ ਕੌਰ, ਉਘੇ ਚਿੰਤਕ ਡਾ. ਰਤਨ ਸਿੰਘ ਢਿੱਲੋਂ (ਅੰਬਾਲਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਵੀ ਦਰਸ਼ਨ ਖਟਕੜ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਵਿਚ ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ ਨਾਲ ਰੂਬਰੂ ਕਰਵਾਉਣ ਦਾ ਮਕਸਦ ਵਿਸ਼ਵ ਵਿਚ ਪੰਜਾਬੀ ਭਾਸ਼ਾ,ਸਾਹਿਤ ਅਤੇ ਪੱਤਰਕਾਰੀ ਦੇ ਹਵਾਲੇ ਨਾਲ ਸਥਿਤੀ ਅਤੇ ਸਮੱਸਿਆਵਾਂ ਬਾਰੇ ਪਤਾ ਲਗਾਉਣਾ ਹੈ। ਡਾ. ਭੀਮ ਇੰਦਰ ਸਿੰਘ ਨੇ ਸੁਖਿੰਦਰ ਹੋਰਾਂ ਦੀ ਸ਼ਾਇਰੀ ਦੇ ਹਵਾਲੇ ਨਾਲ ਕਿਹਾ ਕਿ ਸਾਹਿਤਕਾਰ ਨੂੰ ਕਈ ਵਾਰੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਉਸ ਦਾ ਮਕਸਦ ਆਪਣੀ ਮਾਂ ਬੋਲੀ ਅਤੇ ਪਰੰਪਰਾ ਦਾ ਵਿਕਾਸ ਕਰਨਾ ਹੀ ਹੁੰਦਾ ਹੈ। ਗੁਰਸ਼ਰਨ ਕੌਰ ਨੇ ਕਿਹਾ ਕਿ ਪੰਜਾਬੀ ਸਾਹਿਤ ਦੀ ਸੇਵਾ ਸੰਭਾਲ ਅਤੇ ਤਰੱਕੀ ਵਿਚ ਜੁਟੀਆਂ ਸੰਸਥਾਵਾਂ ਸੁਖਿੰਦਰ ਵਰਗੇ ਕਲਮਕਾਰਾਂ ਦੇ ਡੂੰਘੇ ਅਨੁਭਵਾਂ ਨੂੰ ਸਾਹਮਣੇ ਲਿਆ ਕੇ ਆਪਣੀ ਮੰਜ਼ਿਲ ਵੱਲ ਉਸਾਰੂ ਢੰਗ ਨਾਲ ਅੱਗੇ ਵਧ ਰਹੀਆਂ ਹਨ ਜਦੋਂ ਕਿ ਡਾ. ਰਤਨ ਸਿੰਘ ਢਿੱਲੋਂ ਦੀ ਧਾਰਣਾ ਸੀ ਕਿ ਸੁਖਿੰਦਰ ਦੀ ਲੇਖਣੀ ਸਮਾਜਿਕ ਪ੍ਰਸਥਿਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਤੁੱਤ ਕਰਨ ਦੇ ਸਮਰੱਥ ਹੈ।ਸੁਖਿੰਦਰ ਨੇ ਆਪਣੀ ਸਾਹਿਤਕ ਯਾਤਰਾ ਦੇ ਨਾਲ ਨਾਲ ਚਾਰ ਨਜ਼ਮਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚੋਂ ਯਥਾਰਥਵਾਦੀ ਨਜ਼ਰੀਆ ਉਭਰ ਕੇ ਸਾਹਮਣੇ ਆਇਆ। ਉਹਨਾਂ ਕਿਹਾ ਕਿ ਉਸਦੀ ਕਲਮ ਨੇ ਕਦੇ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਅਤੇ ਸੱਚ ਨੂੰ ਸੱਚ ਕਹਿਣ ਤੋਂ ਕਦੇ ਨਹੀਂ ਝਿਜਕੀ ਹੈ।ਇਸ ਦੌਰਾਨ ਸੁਖਿੰਦਰ ਦੀ ਨਵ ਪ੍ਰਕਾਸ਼ਿਤ ਸਾਹਿਤਕ ਪੁਸਤਕ ‘ਗੱਲਾਂ ਪਾਕਿਸਤਾਨ ਦੀਆਂ’ ਦਾ ਲੋਕਅਰਪਣ ਵੀ ਕੀਤਾ ਗਿਆ।
ਦੂਜੇ ਦੌਰ ਵਿਚ ਕਵੀ ਦਰਸ਼ਨ ਖਟਕੜ ਨੇ ਸਾਹਿਤਕਾਰ ਅਤੇ ਉਸ ਦੀ ਰਚਨਾ ਵਿਚਲੀ ਸਾਂਝ ਦੀ ਗੱਲ ਕਰਨ ਦੇ ਨਾਲ ਨਾਲ ਤਰੰਨੁਮ ਵਿਚ ਗ਼ਜ਼ਲ ਪੇਸ਼ ਕੀਤੀ ਜਦੋਂ ਕਿ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀਅਤ ਦੀ ਗੁੰਮਦੀ ਜਾ ਰਹੀ ਸ਼ਨਾਖ਼ਤ ਦੀ ਗੱਲ ਕੀਤੀ। ਡਾ. ਇੰਦਰਮੋਹਨ ਸਿੰਘ ਨੇ ਸੁਖਿੰਦਰ ਦੀਆਂ ਸੁਣੀਆਂ ਤਾਜ਼ਾ ਨਜ਼ਮਾਂ ਦੇ ਹਵਾਲੇ ਨਾਲ ਆਪਣਾ ਨਜ਼ਰੀਆ ਦਰਸਾਇਆ।ਡਾ. ਹੁਕਮ ਚੰਦ ਰਾਜਪਾਲ ਨੇ ਸੁਖਿੰਦਰ ਨੂੰ ਵਰਤਮਾਨ ਕਵਿਤਾ ਦੀ ਰੂਹ ਨੂੰ ਸਮਝਣ ਵਾਲੇ ਕਵੀ ਨਾਲ ਤੁਲਨਾ ਦਿੱਤੀ। ਡਾ. ਅਰਵਿੰਦਰ ਕੌਰ ਕਾਕੜਾ ਨੇ ਵੀ ਸੁਖਿੰਦਰ ਦੀ ਕਵਿਤਾ ਦੇ ਵਸਤੂ ਜਗਤ ਨੂੰ ਉਭਾਰਿਆ।ਪ੍ਰੋਫੈਸਰ ਗੁਰਦੇਵ ਸਿੰਘ ਦੇਵ, ਸਤੀਸ਼ ਚੰਦਰ, ਗੀਤਕਾਰ ਧਰਮ ਕੰਮੇਆਣਾ ਅਤੇ ਪ੍ਰੋ. ਬਲਵੀਰ ਸਿੰਘ ਬੱਲੀ ਨੇ ਵੀ ਅਜੋਕੇ ਸਮੇਂ ਦੀ ਕਵਿਤਾ ਅਤੇ ਪ੍ਰਗਤੀਵਾਦੀ ਵਿਚਾਰਧਾਰਾ ਦੇ ਹਵਾਲੇ ਨਾਲ ਗੱਲ ਕੀਤੀ। ਸੁਖਿੰਦਰ ਨਾਲ ਰੂਬਰੂ ਦੌਰਾਨ ਖੋਜਾਰਥਣ ਸ਼ਹਿਨਾਜ਼, ਅਬਦੁਰ ਰਾਸ਼ਿਦ, ਤੇਜਿੰਦਰ ਸਿੰਘ ਫਰਵਾਹੀ ਆਦਿ ਖੋਜਾਰਥੀਆਂ ਅਤੇ ਜਿਗਿਆਸੂਆਂ ਨੇ ਸੁਖਿੰਦਰ ਨੂੰ ਸੁਆਲ ਵੀ ਕੀਤੇ ਜਿਨ੍ਹਾਂ ਦੇ ਉਹਨਾਂ ਬਾਦਲੀਲ ਜਵਾਬ ਵੀ ਦਿੱਤੇ।
ਇਸ ਸਮਾਗਮ ਨਵੀਂ ਪੀੜ੍ਹੀ ਦੇ ਨਾਟਕਕਾਰ ਅਤੇ ਨਿਰਦੇਸ਼ਕ ਅਨਾਇਤ ਨੇ ਆਪਣਾ ਲਿਖਿਆ ਨਾਟਕ ‘ਸੁਪਨਿਆਂ ਦੀ ਮੌਤ’ ਦਾ ਮੰਚਣ ਵੀ ਕੀਤਾ। ਗਗਨਦੀਪ ਕੌਰ, ਨਵਦੀਪ ਸਿੰਘ ਮੁੰਡੀ, ਰਾਜਵਿੰਦਰ ਕੌਰ, ਵਰਿੰਦਰ ਸਿੰਘ,ਕੁਲਦੀਪ ਸਿੰਘ, ਕਿਰਨਦੀਪ ਕੌਰ, ਅਰਪਨ ਸਿੰਘ, ਪ੍ਰਸ਼ਾਂਤ, ਨਿਰਭੈ ਸਿੰਘ, ਰਮਨਦੀਪ ਕੌਰ, ਗੁਰਜੀਤ ਸਿੰਘ, ਦਲਜੀਤ ਕੌਰ, ਰਣਦੀਪ ਸਿੰਘ, ਜਗਸੀਰ ਸਿੰਘ,ਹਰਪ੍ਰੀਤ ਸਿੰਘ, ਜਸਮੀਤ, ਰਤਨ, ਕਰਨ ਪਰਵਾਜ਼ ਨੇ ਆਪਣੀ ਸਾਹਿਤਕ ਅਤੇ ਸੰਗੀਤਕ ਪੇਸ਼ਕਾਰੀ ਵੀ ਕੀਤੀ। ਇਸ ਸਮਾਗਮ ਦੌਰਾਨ ਸੁਖਵਿੰਦਰ ਕੌਰ ਆਹੀ, ਸਜਨੀ ਬਾਤਿਸ਼, ਪ੍ਰੀਤੀ,ਏਕਮਪ੍ਰੀਤ ਕੌਰ, ਦੀਪ ਬਾਪਲਾ ਆਦਿ ਵੀ ਸ਼ਾਮਿਲ ਸਨ।ਅੰਤ ਵਿਚ ਵਿਦਵਾਨਾਂ ਨੂੰ ਪੁਸਤਕਾਂ ਦੇ ਸੈਟ ਵੀ ਭੇਂਟ ਕੀਤੇ ਗਏ।ਅੰਤ ਵਿਚ ਡਾ. ਭੀਮ ਇੰਦਰ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਨਵਦੀਪ ਸਿੰਘ ਮੁੰਡੀ ਨੇ ਨਿਭਾਇਆ।

