ਵਰਲਡ ਯੂਨੀਵਰਸਿਟੀ ਦੇ ਭੌਤਿਕੀ ਵਿਭਾਗ ਵੱਲੋਂ ਨਿਊਕਲਰ ਸਾਇੰਸ ਵਿਸ਼ੇ ਸਬੰਧੀ ਵਿਸ਼ੇਸ਼ ਲੈਕਚਰ ਦਾ ਆਯੋਜਨ
ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਭੌਤਿਕੀ ਵਿਭਾਗ ਵੱਲੋਂ ‘ਸੀਮਤ ਨਾਭਿਕਾਂ ਦੀ ਨਿਊਕਲੀਅਰ ਸਮਿਟਰੀ ਐਨਰਜੀ’ ਵਿਸ਼ੇ ਉੱਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਤੇਜਬੀਰ ਸਿੰਘ ਨੇ ਮੁਖ ਵਕਤਾ ਦਾ ਸਵਾਗਤ ਕਰਦਿਆਂ ਜਾਣਕਾਰੀ ਦਿੱਤੀ ਕਿ ਡਾ. ਮਨਪ੍ਰੀਤ ਕੌਰ, ਰਿਸਰਚ ਵਿਗਿਆਨੀ, ਇੰਸਚਿਊਟ ਆਫ ਫਿਜ਼ਿਕਸ (ਪ੍ਰਮਾਣੂ ਊਰਜਾ ਸੰਸਥਾਨ, ਭਾਰਤ ਸਰਕਾਰ, ਦੀ ਖੁਦਮੁਖਤਿਆਰ ਸੰਸਥਾ), ਭੁਵਨੇਸ਼ਵਰ, ਨੇ ਨਿਊਕਲੀਅਰ ਸਾਇੰਸ ਦੇ ਅਤਿਅੰਤ ਮਹੱਤਵਪੂਰਨ ਵਿਸ਼ੇ ਸਬੰਧੀ ਸਰੋਤਿਆਂ ਨੂੰ ਜਾਣੂ ਕਰਵਾਇਆ।
ਡਾ. ਸਿੰਘ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਡਾ. ਕੌਰ ਇਸ ਯੂਨੀਵਰਸਿਟੀ ਦੇ ਪੀ.ਐੱਚ.ਡੀ. ਕੋਰਸ ਦੇ ਪਹਿਲੇ ਬੈੱਚ ਦੇ ਵਿਦਿਆਰਥੀਆਂ ਵਿੱਚ ਸ਼ਾਮਿਲ ਸਨ। ਉਨ੍ਹਾਂ ਦੁਆਰਾ, ਡਾ. ਬੀਰਬਿਕਰਮ ਸਿੰਘ ਦੀ ਨਿਗਰਾਨੀ ਹੇਠ, ਕੀਤੇ ਗਏ ਪੀ.ਐੱਚ.ਡੀ. ਖੋਜ ਕਾਰਜਾਂ ਨੂੰ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਇੰਟਿਫਿਕ ਪਲੇਟਫਾਰਮਾਂ ਤੇ ਪਛਾਣ ਮਿਲੀ ਉੱਥੇ ਨਾਲ ਹੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਨਵੀਂ ਦਿੱਲੀ ਵੱਲੋਂ ਯੂ.ਐੱਸ.ਏ. ਦੀ ਸਾਇੰਟੀਫਿਕ ਯਾਤਰਾ ਲਈ ਇੰਟਰਨੈਸ਼ਨਲ ਟਰੈਵਲ ਫੈਲੋਸ਼ਿਪ ਦੇ ਰੂਪ ਵਿੱਚ ਮਾਣ ਵੀ ਪ੍ਰਾਪਤ ਹੋਇਆ।
ਡਾ. ਮਨਪ੍ਰੀਤ ਕੌਰ ਨੇ ਵਿਭਾਗ ਦੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਿਸ਼ੇ ਤਹਿਤ ਵਿਸ਼ਵ ਭਰ ਦੀਆਂ ਨਿਊਕਲੀਅਰ ਖੋਜ ਸੰਸਥਾਵਾਂ ਵਿੱਚ ਮੌਜੂਦਾ ਸਮੇਂ ਦੌਰਾਨ ਚੱਲ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਇਹ ਖੋਜ ਕਾਰਜ ਮਨੁੱਖ ਅਤੇ ਇਸ ਦੇ ਆਲੇ ਦੁਆਲੇ ਦੀ ਸੰਰਚਨਾ ਕਰਨ ਵਾਲੇ ਮਹੱਤਵਪੂਰਨ ਤੱਤਾਂ ਦੀ, ਬ੍ਰਹਿਮੰਡ ਵਿਚਲੇ ਤਾਰਿਆਂ ਸਮੇਤ ਸੂਰਜ ਵਿੱਚ ਦੀਆਂ ਚੱਲਦੀਆਂ ਨਿਊਕਲੀਅਰ ਕਿਰਿਆਵਾਂ ਰਾਹੀਂ, ਨਿਰਮਾਣ ਵਿਧੀ ਨੂੰ ਉਜਾਗਰ ਕਰਨ ਵਿੱਚ ਵਿਸ਼ੇਸ਼ ਤੌਰ ਤੇ ਸਹਾਈ ਹੋਣਗੇ। ਉਨ੍ਹਾਂ ਨੇ ਨਿਊਕਲੀਅਰ ਸਮਿਟਰੀ ਐਨਰਜੀ ਦਾ ‘ਲਿਕਵਿਡ ਡਰੋਪ ਮਾਡਲ’ ਦੇ ਸੰਦਰਭ ਵਿੱਚ ਵਿਸ਼ੇਸ਼ ਤੌਰ ਉੱਤੇ ਉਲੇਖ ਕਰਦਿਆਂ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ।ਡਾ. ਬੀਰਬਿਕਰਮ ਸਿੰਘ ਨੇ ਲੈਕਚਰ ਦੇ ਅੰਤ ਵਿੱਚ ਮੁੱਖ ਬੁਲਾਰੇ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਮੁਖੀ ਡਾ. ਤੇਜਬੀਰ ਸਿੰਘ ਪ੍ਰਤੀ ਆਭਾਰ ਪ੍ਰਗਟ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਵਿਸ਼ੇਸ਼ ਲੈਕਚਰ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਭੌਤਿਕ ਵਿਭਾਗ ਦੇ ਡਾ. ਪ੍ਰੀਤ ਕੌਰ, ਡਾ. ਯੋਗੇਸ਼ ਵਰਮਾਨੀ, ਮਿਸ ਬਿੰਦੀਆ, ਮਿਸ ਮਨਪ੍ਰੀਤ ਕੌਰ ਤੋਂ ਇਲਾਵਾ ਹੋਰ ਫੈਕਲਟੀ ਮੈਂਬਰ ਅਤੇ ਖੋਜਾਰਥੀ ਹਾਜ਼ਰ ਸਨ।

