ਪੰਜਾਬਪਟਿਆਲਾ

ਛੀਂਟਾਂਵਾਲਾ ਵਿਖੇ 8.57 ਕਰੋੜ ਰੁਪਏ ਦੇ ਕਰਵਾਏ ਵਿਕਾਸ ਕਾਰਜ ਕੈਬਨਿਟ ਮੰਤਰੀ ਧਰਮਸੋਤ ਵੱਲੋਂ ਲੋਕਾਂ ਨੂੰ ਸਮਰਪਿਤ

-ਪੰਜਾਬ ਸਰਕਾਰ ਇੱਕ ਨਿਮਾਣੇ ਸਿੱਖ ਵਜੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ-ਧਰਮਸੋਤ
ਛੀਂਟਾਂਵਾਲਾ (ਨਾਭਾ) (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਚਹੁੰਪੱਖੀ ਵਿਕਾਸ ਲਈ ਉਲੀਕੇ ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਛੀਂਟਾਂਵਾਲਾ ਵਿਖੇ ਕਰਵਾਏ ਗਏ 8.57 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਅੱਜ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਲੋਕਾਂ ਦੇ ਸਮਰਪਿਤ ਕੀਤਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਸਰਕਾਰ ਨੇ ਪਿੰਡ ਮਨਸੂਰਪੁਰ ਛੀਂਟਾਂਵਾਲਾ ਵਿਖੇ ਨਵਾਂ ਪਾਰਕ ਵਿਕਸਤ ਕਰਨ, ਛੱਪੜ ਦਾ ਨਵੀਨੀਕਰਨ, 550 ਬੂਟੇ, ਸਕੂਲ ‘ਚ ਦੋ ਕਮਰੇ ਤੇ ਵਰਾਂਡਾ, ਆਂਗਣਵਾੜੀ ਸੈਂਟਰ ਦੇ ਕਮਰੇ, ਗੁਰੂ ਨਾਨਕ ਸਟੇਡੀਅਮ, ਬੱਸ ਉਡੀਕ ਘਰ, ਡਿਸਪੈਂਸਰੀ ਦੀ ਨਵੀਂ ਇਮਾਰਤ, ਪਸ਼ੂ ਹਸਪਤਾਲ, ਸਟਰੀਟ ਲਾਇਟਾਂ, ਸੀ.ਸੀ.ਟੀ.ਵੀ. ਕੈਮਰੇ, ਪਿੰਡ ਦੀਆਂ ਨਵੀਆਂ ਸੜਕਾਂ, ਸਮਸ਼ਾਨਘਾਟ ਦਾ ਸੁੰਦਰੀਕਰਨ, ਗੰਦੇ ਪਾਣੀ ਦੀ ਨਿਕਾਸੀ ਆਦਿ ਸਮੇਤ ਕਈ ਕੰਮ ਕਰਵਾਉਣ ਲਈ ਇਸ ਪਿੰਡ ਨੂੰ ਅਪਣਾਇਆ ਸੀ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਇਤਿਹਾਸਕ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ, ਜਿੱਥੇ ਕਿ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਨਿਸ਼ਾਨੀ ਪੁਰਾਤਨ ਚੁਗਾਠ ਤੇ ਦਰਵਾਜਾ ਅੱਜ ਵੀ ਸੰਭਾਲ ਕੇ ਰੱਖੀ ਹੋਈ ਹੈ। ਉਹ ਡੇਰਾ ਬਾਬਾ ਆਪੋ ਆਪ ਵਿਖੇ ਵੀ ਨਤਮਸਤਕ ਹੋਏ। ਇਸ ਤੋਂ ਪਹਿਲਾਂ ਸ. ਧਰਮਸੋਤ ਨੇ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ, ਕਿਉਂਕਿ ਗੁਰੂ ਨਾਨਕ ਦਾ ਸੰਦੇਸ਼ ਕਿਸੇ ਇੱਕ ਧਰਮ ਜਾਂ ਫਿਰਕੇ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ।
ਸ. ਧਰਮਸੇਤ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸਰਕਾਰ ਵੱਲੋਂ ਸਾਰੇ ਪ੍ਰਬੰਧ ਸਮੇਂ ਸਿਰ ਸੁਚੱਜੇ ਢੰਗ ਨਾਲ ਮੁਕੰਮਲ ਕਰ ਲਏ ਜਾਣਗੇ। ਇੱਕ ਸਵਾਲ ਦੇ ਜੁਆਬ ‘ਚ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਫੀਸ ਪੰਜਾਬ ਸਰਕਾਰ ਵੱਲੋਂ ਭਰਨ ਲਈ ਆਖੇ ਜਾਣ ‘ਤੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਤੋਂ ਅਸਤੀਫ਼ਾ ਦੇਵੇ ਕਿਉਂਕਿ ਇਹ ਕੰਮ ਦੋ ਮੁਲਕਾਂ ਦੀਆਂ ਸਰਕਾਰਾਂ ਦੀ ਸੀ ਪਰੰਤੂ ਸ੍ਰੀਮਤੀ ਬਾਦਲ ਇਸ ਮੁੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ‘ਚ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ। ਸ. ਧਰਮਸੋਤ ਨੇ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਧਾਰਮਿਕ ਮੁੱਦੇ ‘ਤੇ ਰਾਜਨੀਤੀ ਨਾ ਕਰਨ, ਕਿਉਂਕਿ ਪੰਜਾਬ ਸਰਕਾਰ ਆਪਣਾ ਕੰਮ ਬਾਖੂਬੀ ਕਰ ਰਹੀ ਹੈ।
ਇਸ ਮੌਕੇ ਬਲਾਕ ਸੰਮਤੀ ਨਾਭਾ ਦੇ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਦਿਹਾਤੀ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ, ਸਰਪੰਚ ਸੁਰਜੀਤ ਸਿੰਘ ਪੰਜਾਬ ਤੇ ਸਮੂਹ ਪੰਚਾਇਤ ਮੈਂਬਰ, ਪੀ.ਏ. ਕਾਬਲ ਸਿੰਘ, ਚਰਨਜੀਤ ਬਾਤਿਸ਼, ਐਕਸੀਐਨ ਦਿਹਾਤੀ ਵਿਕਾਸ ਇੰਜ. ਤੇਜਿੰਦਰ ਸਿੰਘ ਮੁਲਤਾਨੀ, ਬੀ.ਡੀ.ਪੀ.ਓ. ਅਜਾਇਬ ਸਿੰਘ, ਸਰਪੰਚ ਹਰਪਾਲ ਸਿੰਘ ਬੀਨਾਹੇੜੀ, ਸਰਪੰਚ ਜਸਵੰਤ ਸਿੰਘ ਸਹਿਜਗੜ੍ਹ, ਸਰਪੰਚ ਯੂਨੀਅਨ ਦੇ ਪ੍ਰਧਾਨ ਮੁਸਤਾਕ ਅਲੀ ਕਿੰਗ, ਕੁਲਵੰਤ ਸਿੰਘ ਤੂੰਗਾਂ ਅਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *