ਪਟਿਆਲਾ

ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ

-ਗੇਜਾ ਰਾਮ ਵਾਲਮੀਕੀ ਵੱਲੋਂ ਸਫ਼ਾਈ ਕਰਮਚਾਰੀਆਂ ਦੇ ਕੰਮ ਦੀ ਪ੍ਰਸ਼ੰਸਾ
ਪਟਿਆਲਾ 22 ਅਪ੍ਰੈਲ (ਰਮਨਦੀਪ /ਮਧੂਸਾਰ ਬਿਊਰੋ) ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਪਟਿਆਲਾ ਦਾ ਅਚਨਚੇਤ ਦੌਰਾ ਕਰਦਿਆਂ ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਵਿੱਚ ਸਫ਼ਾਈ ਕਾਰਜਾਂ ਵਿੱਚ ਲੱਗੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ।

ਸ੍ਰੀ ਗੇਜਾ ਰਾਮ ਵਾਲਮੀਕੀ ਨੇ ਇੱਥੇ ਪੀ.ਆਰ.ਟੀ.ਸੀ. ਚੌਂਕ ਨਾਭਾ ਰੋਡ ‘ਤੇ ਸਫ਼ਾਈ ਕਰ ਰਹੇ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਜਿੱਥੇ ਉਨ੍ਹਾਂ ਦਾ ਹੌਂਸਲਾ ਵਧਾਇਆ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਸਫ਼ਾਈ ਕਰਮਚਾਰੀਆਂ ਨੂੰ ਕਿਹਾ ਕਿ ਉਹ ਇਸ ਸੰਕਟ ਦੀ ਘੜੀ ਬਹੁਤ ਚੰਗਾ ਕਾਰਜ ਕਰ ਰਹੇ ਹਨ ਪਰੰਤੂ ਇਸ ਸਮੇਂ ਦੌਰਾਨ ਉਹ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਅਤੇ ਨਾਲੋ ਨਾਲ ਪੀ.ਪੀ.ਈ. ਕਿੱਟਾਂ ਅਤੇ ਦਸਤਾਨੇ ਪਹਿਨ ਕੇ ਰੱਖਣ। ਉਨ੍ਹਾਂ ਨੇ ਮੌਕੇ ‘ਤੇ ਸ੍ਰੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀ ਲਾਲ ਵਿਸ਼ਵਾਸ਼ ਨੂੰ ਵੀ ਫੋਨ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਹੋਰ ਦਸਤਾਨੇ ਅਤੇ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣ ਲਈ ਆਖਿਆ।
ਇਸ ਦੌਰਾਨ ਸ੍ਰੀ ਲਾਲ ਵਿਸ਼ਵਾਸ਼ ਨੇ ਦੱਸਿਆ ਕਿ ਨਗਰ ਨਿਗਮ ਕੋਲ ਪੀ.ਪੀ.ਈ. ਕਿੱਟਾਂ ਅਤੇ ਦਸਤਾਨੇ ਭਰਪੂਰ ਮਾਤਰਾ ਵਿੱਚ ਉਪਲਬਧ ਹਨ ਅਤੇ ਜੇਕਰ ਕੰਮ ਕਰਦਿਆਂ ਕਿਸੇ ਸਫਾਈ ਕਰਮਚਾਰੀ ਦੇ ਦਸਤਾਨੇ ਜਾਂ ਪੀ.ਪੀ.ਈ. ਕਿੱਟਾਂ ਨੁਕਸਾਨੀਆਂ ਜਾਂਦੀਆਂ ਹਨ ਤਾਂ ਉਹ ਸਬੰਧਤ ਸੈਨਟਰੀ ਇੰਸਪੈਕਟਰ ਕੋਲੋਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਦਸਤਾਨੇ ਅਤੇ ਕਿੱਟਾਂ ਪਹਿਨ ਕੇ ਹੀ ਕੰਮ ਕਰਨ।

Leave a Reply

Your email address will not be published. Required fields are marked *