ਮ੍ਰਿਤਕਾਂ ਦੇ ਵਾਰਸਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸੰਘਰਸ਼ ਦਾ ਐਲਾਨ
22 ਜੂਨ ਤੋਂ ਲਗਾਤਾਰ ਲਾਉਣਗੇ ਪੱਕਾ ਮੋਰਚਾ।
ਪਟਿਆਲਾ 12 ਜੂਨ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਅੱਜ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਨਾਲ ਸੁਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਜਿੱਥੇ ਵੱਖ—ਵੱਖ ਜਿਲਿਆ ਦੇ ਸੂਬਾਈ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਉੱਥੇ ਪਿਛਲੇ ਦੋ ਸਾਲਾਂ ਵਿੱਚ ਮ੍ਰਿਤਕ ਹੋਏ ਕਰਮਚਾਰੀਆਂ ਦੇ ਵਾਰਸ ਵੀ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਇਹ ਆਸ ਲੈ ਕੇ ਸ਼ਾਮਲ ਹੋਏ ਕਿ ਵਿਭਾਗ ਵੱਲੋਂ ਤਰਸ ਦੇ ਆਧਾਰ ਤੇ ਸਾਨੂੰ ਨੌਕਰੀ ਦੇ ਦਿੱਤੀ ਜਾਵੇਗੀ।
ਪਰ ਉਹਨਾਂ ਵਾਰਸਾਂ ਅਤੇ ਮੁਲਾਜਮ ਆਗੂਆਂ ਦੇ ਹੱਥ ਨਿਰਾਸ਼ਾ ਹੀ ਲੱਗੀ, ਕਿਉਂਕਿ ਦਫਤਰ ਵੱਲੋਂ ਜਿੱਥੇ ਦਰਜਾ ਚਾਰ ਕਾਮਿਆਂ ਦੀਆਂ ਪ੍ਰਮੋਸ਼ਨਾਂ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰ ਮੰਗਾਂ ਤੇ ਨਾ ਪੱਖੀ ਵਤੀਰਾ ਰਿਹਾ ਉੱਥੇ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਤੋਂ ਵੀ ਆਨਾਕਾਨੀ ਕੀਤੀ ਗਈ। ਜਿਸ ਤੋਂ ਭੜਕੇ ਹੋਏ ਵਰਕਰਾਂ ਨੇ ਮੁੱਖ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਫੈਸਲਾ ਕੀਤਾ ਕਿ 22 ਜੂਨ ਤੋਂ ਮੁੱਖ ਦਫਤਰ ਅੱਗੇ ਫੀਲਡ ਕਾਮਿਆਂ ਅਤੇ ਮ੍ਰਿਤਕਾਂ ਦੇ ਵਾਰਸਾਂ ਵੱਲੋਂ ਲਗਾਤਾਰ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਸੰਘਰਸ਼ ਦੇ ਦੌਰਾਨ ਉਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਕੇ ਜਿੱਥੇ ਆਪਣੀਆਂ ਮੰਗਾਂ ਦੀ ਆਵਾਜ ਮੁੱਖ ਮੰਤਰੀ ਤੱਕ ਪਹੁੰਚਾਉਣਗੇ ਉੱਥੇ ਪਿਛਲੇ ਸਮੇਂ ਵਿੱਚ ਵਿਭਾਗ ਵੱਲੋਂ ਕਰੋਨਾ ਦੇ ਨਾਮ ਤੇ ਕੀਤੇ ਗਏ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਵੀ ਪੇਸ਼ ਕਰਨਗੇ। ਮੁਲਾਜਮ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਸੀਂ ਇਸ ਸੰਘਰਸ਼ ਨੂੰ ਪੂਰੇ ਵਿਆਪਕ ਢੰਗ ਨਾਲ ਲੜਾਂਗੇ ਅਤੇ ਜਿਨ੍ਹਾਂ ਚਿਰ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕਿਉਂਕਿ ਮ੍ਰਿਤਕਾਂ ਦੇ ਵਾਰਸ ਆਪਣੀ ਜਿੰਦਗੀ ਬਹੁਤ ਔਖੀ ਬਸਰ ਕਰ ਰਹੇ ਹਨ ਇਸ ਲਈ ਅੱਜ ਉਨ੍ਹਾਂ ਫੈਸਲਾ ਕੀਤਾ ਕਿ ਕਿਉਂ ਨਾ ਘਰੇ ਭੁੱਖਮਰੀ ਦੀ ਮੌਤ ਮਰਨ ਨਾਲੋਂ ਅਧਿਕਾਰੀਆਂ ਦੇ ਸਿਰ ਚੜ੍ਹ ਕੇ ਮਰਿਆ ਜਾਵੇ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਬੀਰ ਖੋਖਰ, ਅਨਿਲ ਕੁਮਾਰ ਬਰਨਾਲਾ, ਬਲਜਿੰਦਰ ਸਿੰਘ ਤਰਨ ਤਾਰਨ, ਸੁਖਦੇਵ ਸਿੰਘ ਚੰਗਾਲੀਵਾਲਾ, ਮੋਹਨ ਸਿੰਘ ਪੁਨੀਆ, ਦਰਸ਼ਨ ਚੀਮਾ, ਮਾਲਵਿੰਦਰ ਸਿੰਘ, ਉਜਾਗਰ ਸਿੰਘ ਜੱਗਾ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਫੀਲਡ ਕਾਮੇ ਤੇ ਮ੍ਰਿਤਕਾਂ ਦੇ ਵਾਰਸ ਸ਼ਾਮਲ ਹੋਏ।

