ਪੰਜਾਬੀ ਯੂਨੀਵਰਸਿਟੀ ਵੱਲੋਂ ਨਿਰਫ ਰੈਂਕਿੰਗ ਵਿਚ ਵੱਡੀ ਛਾਲ਼
ਪਟਿਆਲਾ 12 ਜੂਨ (ਰਮਨਦੀਪ/ਮਧੂਸਾਰ ਬਿਊਰੋ) ਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਹੁਣ ਇਕ ਵੱਡੀ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲੇ ਵੱਲੋਂ ਕੀਤੀ ਜਾਂਦੀ ਨਿਰਫ਼ ਰੈਂਕਿੰਗ(ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ਵਿਚ ਲੰਬੀ ਇਤਹਾਸਕ ਛਾਲ਼ ਮਾਰੀ ਹੈ।
ਮਾਣਯੋਗ ਯੂਨੀਅਨ ਕੈਬਨਿਟ ਮੰਤਰੀ ਸ਼੍ਰੀ ਰਾਮੇਸ਼ ਪੋਖਰਿਆਲ ਨਿਸ਼ਾਕ ਵੱਲੋਂ ਜਾਰੀ ਰਾਸ਼ਟਰ ਪੱਧਰ ਦੀਆਂ ਯੂਨੀਵਰਸਿਟੀਆਂ ਦੀ ਅਕਾਦਮਿਕ ਦਰਜਾਬੰਦੀ ਨਿਰਫ-2020 ਦੀ ਤਾਜ਼ਾ ਸੂਚੀ ਵਿਚ ਪੰਜਾਬੀ ਯੂਨੀਵਰਸਿਟੀ ਹੁਣ ਦੇਸ ਭਰ ਵਿਚ 64ਵੇਂ ਸਥਾਨ ਤੇ ਪਹੁੰਚ ਗਈ ਹੈ ਜਦੋਂ ਕਿ ਪਿਛਲੇ ਸਾਲ ਇਸ ਰੈਂਕਿੰਗ ਵਿਚ ਪੰਜਾਬੀ ਯੂਨੀਵਰਸਿਟੀ ਦਾ ਨਾਮ 150 ਤੋਂ 200 ਵਾਲੀ ਸੂਚੀ ਵਿਚ ਸ਼ਾਮਿਲ ਸੀ। ਇਸ ਇਤਹਾਸਿਕ ਪ੍ਰਾਪਤੀ ਨੂੰ ਲੈ ਕੇ ਯੂਨਵਿਰਸਿਟੀ ਵਿਚ ਖੁਸ਼ੀ ਦੀ ਲਹਿਰ ਹੈ। ਯੂਨੀਵਰਸਿਟੀ ਪਰਿਵਾਰ ਦੇ ਸਾਰੇ ਮੈਂਬਰ ਜਿੱਥੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਵਧਾਈ ਦੇ ਰਹੇ ਹਨ ਉੱਥੇ ਆਪਸ ਵਿਚ ਵੀ ਮੁਬਾਰਕਬਾਦ ਦੇ ਸੰਦੇਸ਼ ਭੇਜ ਕੇ ਖੁਸ਼ੀ ਜਾਹਿਰ ਕਰ ਰਹੇ ਹਨ। ਵਰਣਨਯੋਗ ਹੈ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਨਿਰਫ ਰੈਂਕਿੰਗ ਵਿਚ ਸੁਧਾਰ ਕਰਨ ਹਿਤ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਅਕਾਦਮਿਕ ਖੇਤਰ ਦੇ ਸਾਰੇ ਪੱਖਾਂ ਵਿਚ ਨਿੱਜੀ ਦਿਲਚਪਸੀ ਰਖਦਿਆਂ ਸਖਤ ਮਿਹਨਤ ਅਤੇ ਢੁਕਵੀਂ ਰਣਨੀਤੀ ਦੇ ਸੁਮੇਲ ਨਾਲ ਨਿੱਠ ਕੇ ਕਾਰਜ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਪੰਜਾਬੀ ਯੂਨੀਵਰਸਿਟੀ 150-200 ਵਾਲੀ ਸੂਚੀ ਵਿਚੋਂ ਵੱਡਾ ਛੜੱਪਾ ਮਾਰਦਿਆਂ 64ਵੇਂ ਥਾਂ ਤਕ ਪੁੱਜੀ ਹੈ।
ਤਾਜ਼ਾ ਰੈਂਕਿੰਗ ਸੰਬੰਧੀ ਖੁਸ਼ੀ ਪ੍ਰਗਟਾਉਂਦਿਆਂ ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਉਹ ਇਸ ਸਭ ਦਾ ਸਿਹਰਾ ਯੂਨੀਵਰਸਿਟੀ ਦੀਆਂ ਵਖ-ਵਖ ਫੈਕਲਟੀਆਂ ਦੇ ਸਮੂਹ ਅਧਿਆਪਕਾਂ, ਗੈਰ ਅਧਿਆਪਨ ਵਰਗ, ਵਿਦਿਆਰਥੀਆਂ, ਖੋਜਾਰਥੀਆਂ, ਅਧਿਕਾਰੀਆਂ, ਗਵਰਰਨਿੰਗ ਬੌਡੀਜ਼ ਨੂੰ ਦਿੰਦੇ ਹਨ ਜਿਨ੍ਹਾਂ ਦੇ ਸਮੂਹਿਕ ਯਤਨਾਂ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਵਖ-ਵਖ ਖੋਜ ਕਾਰਜਾਂ ਲਈ ਫੰਡਿੰਗ ਮੁਹਈਆ ਕਰਵਾਉਣ ਵਾਲੇ ਭਾਰਤ ਸਰਕਾਰ ਦੇ ਵਖ-ਵਖ ਅਦਾਰਿਆਂ ਅਤੇ ਪੰਜਾਬ ਸਰਕਾਰ ਦਾ ਵੀ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਜਿਸ ਦੀ ਮਦਦ ਨਾਲ ਚੱਲ ਰਹੇ ਗੁਣਵੱਤਾ ਸੰਪੰਨ ਖੋਜ ਪ੍ਰਾਜੈਕਟ ਇਸ ਵੱਕਾਰ ਨੂੰ ਹਾਸਿਲ ਕਰਨ ਵਿਚ ਮਦਦਗਾਰ ਸਾਬਿਤ ਹੋਏ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਦੀ ਬਦੌਲਤ ਹੁਣ ਯੂਨੀਵਰਸਿਟੀ ਹੋਰ ਅਜਿਹੀ ਅਕਾਦਮਿਕ ਫੰਡਿੰਗ ਲਈ ਵੀ ਯੋਗ ਹੋ ਜਾਵੇਗੀ ਜੋ ਕਿ ਸਰਵੋਤਮ 100 ਯੂਨੀਵਰਸਿਟੀਆਂ ਨੂੰ ਹਾਸਿਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਅਕਾਦਮਿਕ ਦਰਜ਼ਾਬੰਦੀ ਵਿਚ ਉਤਾਂਹ ਵੱਲ ਨੂੰ ਉੱਠਣਾ ਸਾਨੂੰ ਸਭ ਨੂੰ ਇਕ ਸਾਕਾਰਾਤਮਕ ਊਰਜਾ ਮੁਹਈਆ ਕਰਵਾਏਗਾ ਜਿਸ ਨਾਲ ਯੂਨੀਵਰਸਿਟੀ ਪਰਿਵਾਰ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਸਥਾਪਨਾ ਦਾ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕਾਰਜ ਕਰਨਾ ਹੈ। ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਕੀਤਾ ਗਿਆ ਕਾਰਜ ਸੰਸਾਰ ਭਰ ਵਿਚ ਜਾਣਿਆ ਜਾਂਦਾ ਹੈ। ਰਾਸ਼ਟਰ ਪੱਧਰੀ ਰੈਂਕਿੰਗ ਵਿਚ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਹਵਾਲੇ ਨਾਲ ਹੋਏ ਅਜਿਹੇ ਕਾਰਜਾਂ ਨੇ ਵੀ ਢੁਕਵੀਂ ਭੂਮਿਕਾ ਨਿਭਾਈ ਹੈ ਜੋ ਕਿ ਮਾਣ ਵਾਲੀ ਗੱਲ ਹੈ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਕਾਲਜਿਜ਼ ਡਾ. ਯੋਗਰਾਜ, ਵਿੱਤ ਅਫਸਰ ਡਾ. ਰਾਕੇਸ਼ ਕੁਮਾਰ, ਡੀ.ਪੀ. ਐਮ. ਡਾ. ਅਸ਼ੋਕ ਮਲਿਕ, ਡਾਇਰੈਕਟਰ ਆਈ. ਕਿਊ.ਏ.ਸੀ. ਡਾ. ਆਰ. ਕੇ. ਗੋਇਲ ਆਦਿ ਅਧਿਕਾਰੀਆਂ ਵੱਲੋਂ ਇਸ ਇਤਹਾਸਿਕ ਪ੍ਰਾਪਤੀ ਉੱਪਰ ਡਾ. ਘੁੰਮਣ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਨਿਰਫ ਦੀ ਰੈਂਕਿੰਗ ਵਿਚ ਇਕਦਮ ਐਨਾ ਵੱਡਾ ਉਛਾਲ ਆਉਣਾ ਆਪਣੇ ਆਪ ਵਿਚ ਇਕ ਅਹਿਮ ਪ੍ਰਾਪਤੀ ਹੈ। ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਈ ਇਸ ਪ੍ਰਾਪਤੀ ਲਈ ਸਾਨੂੰ ਸਭ ਨੂੰ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਪਿਛਲੇ ਕੁੱਝ ਸਮੇਂ ਤੋਂ ਜਿਸ ਤਰ੍ਹਾਂ ਦਾ ਇਕ ਵਿਸ਼ੇਸ਼ ਅਕਾਦਮਿਕ ਮਾਹੌਲ ਪੈਦਾ ਹੋਇਆ ਹੈ, ਉਸੇ ਦਾ ਹੀ ਸਿੱਟਾ ਹੈ ਕਿ ਯੂਨੀਵਰਸਿਟੀ ਲਗਾਤਾਰ ਪ੍ਰਾਪਤੀਆਂ ਕਰ ਰਹੀ ਹੈ। ਚੰਗੀ ਗੱਲ ਇਹ ਹੈ ਕਿ ਪਿਛਲੇ ਤਕਰੀਬਨ ਕੁੱਝ ਸਾਲਾਂ ਤੋਂ ਯੂਨੀਵਰਸਿਟੀ ਵਿਚ ਅਕਾਦਮਿਕ ਮਾਹੌਲ ਦੀ ਬਿਹਤਰੀ ਲਈ ਜਿਸ ਤਰੀਕੇ ਨਾਲ ਢੁਕਵੇਂ ਕਦਮ ਉਠਾਏ ਜਾ ਰਹੇ ਸਨ ਉਸ ਦੇ ਹੁਣ ਸਾਰਥਿਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਸਭ ਲਈ ਅਸੀਂ ਸਭ ਵਧਾਈ ਦੇ ਪਾਤਰ ਹਾਂ। ਆਈ. ਕਿਊ.ਏ.ਸੀ. ਦੇ ਡਾਇਰੈਕਟਰ ਡਾ. ਆਰ. ਕੇ ਗੋਇਲ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਸਮੂਹ ਵਿਭਾਗਾਂ ਵੱਲੋਂ ਇਸ ਸੰਬੰਧੀ ਸਮੇਂ ਸਿਰ ਅਤੇ ਉੱਚਿਤ ਤਰੀਕੇ ਨਾਲ ਡਾਟਾ ਮੁਹਈਆ ਕਰਵਾਇਆ ਜਾਂਦਾ ਰਿਹਾ ਹੈ ਜਿਸ ਨਾਲ ਸਾਰੀਆਂ ਪ੍ਰਾਪਤੀਆਂ ਨੂੰ ਠੀਕ ਢੰਗ ਨਾਲ ਸੂਚੀਬੱਧ ਕਰ ਕੇ ਪੇਸ਼ ਕੀਤਾ ਜਾ ਸਕਿਆ ਹੈ।

