ਪੰਜਾਬਪਟਿਆਲਾ

ਅਰਦਾਸਪੁਰਾ ਪੁਰਾਤਨ ਸਫਰੀ ਸਰੂਪ ਮਾਮਲੇ ‘ਚ ਪਟਿਆਲਾ ਪੁਲਿਸ ਕਰਵਾਏਗੀ ਲਾਈ ਡਿਟੈਕਟ ਟੈਸਟ !

ਜ਼ਿਲ੍ਹਾ ਅਦਾਲਤ ਨੇ ਤਿੰਨ ਵਿਅਕਤੀਆਂ ਦੇ ਟੈਸਟ ਕਰਵਾਉਣ ਦੀ ਦਿੱਤੀ ਮਨਜ਼ੂਰੀ

ਪਟਿਆਲਾ 12 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਅਰਦਾਸਪੁਰਾ ਵਿਚੋਂ ਗੁੰਮ ਹੋਏ ਪੁਰਾਤਨ ਸਫਰੀ ਸਰੂਪ ਦਾ ਮਾਮਲਾ ਭਾਵੇਂ ਸਿਆਸੀ ਪਾਰਟੀਆਂ ਵੱਲੋਂ ਕੀਤੀ ਸਿਆਸਤ ਬਾਅਦ ਵੀ ਹੱਲ ਤਾਂ ਨਹੀਂ ਹੋਇਆ, ਪਰ ਪਟਿਆਲਾ ਪੁਲਿਸ ਲਈ ਗਲੇ ਦੀ ਹੱਡੀ ਬਣਿਆ ਇਹ ਮਾਮਲਾ ਹੁਣ ਜਲਦ ਹੀ ਸੁਲਝ ਸਕਦਾ ਹੈ। ਇਸ ਮਾਮਲੇ ‘ਚ ਪਟਿਆਲਾ ਪੁਲਿਸ ਨੂੰ ਲਾਈ ਡਿਟੈਕਟ ਟੈਸਟ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਹੈ।

ਇਸ ਗੁੰਝਲਦਾਰ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਅਧਿਕਾਰੀਆਂ ਨੇ ਕਾਫੀ ਜੱਦੋ ਜਹਿਦ ਕੀਤੀ, ਪਰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤਣ ਮਗਰੋਂ ਜਦ ਮਾਮਲਾ ਸੁਲਝਦਾ ਵਿਖਾਈ ਨਾ ਦਿੱਤਾ ਤਾਂ ਅਖੀਰ ਵਿਚ ਪਟਿਆਲਾ ਪੁਲਿਸ ਨੇ ਉਨ੍ਹਾਂ ਤਿੰਨ ਵਿਅਕਤੀਆਂ ਦੇ ਨਾਂ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤੇ, ਜਿਨਾਂ ਦਾ ਲਾਈ ਡਿਟੈਕਟ ਟੈਸਟ ਕਰਵਾਕੇ ਸੱਚ ਸਾਹਮਣੇ ਲਿਆਂਦਾ ਜਾ ਸਕੇ। ਇਸ ਸਬੰਧ ‘ਚ ਪਟਿਆਲਾ ਪਿਲਸ ਨੇ ਜੁਡੀਸ਼ੀਅਲ ਮੈਜਿਸਟਰੇਟ ਜੱਜ ਸ੍ਰੀਮਤੀ ਏਕਤਾ ਦੀ ਅਦਾਲਤ ‘ਚ ਅਰਜ਼ੀ ਪਾ ਕੇ ਗ੍ਰੰਥੀ ਸਤਨਾਮ ਸਿੰਘ, ਸੋਹਣ ਸਿੰਘ ਅਤੇ ਦਲਜੀਤ ਸਿੰਘ ਗੋਰਾ ਬਾਬਾ ਦਾ ‘ਲਾਈ ਡਿਟੈਕਟ ਟੈਸਟ’ ਕਰਵਾਉਣ ਲਈ ਮਨਜ਼ੂਰੀ ਮੰਗੀ ਸੀ। ਜੁਡੀਸ਼ੀਅਲ ਮੈਜਿਸਟਰੇਟ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਟਿਆਲਾ ਪੁਲਿਸ ਨੂੰ ਤਿੰਨਾਂ ਵਿਅਕਤੀਆਂ ਦਾ ਲਾਈ ਡਿਟੈਕਟ ਟੈਸਟ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵੇਖਣਾ ਹੋਵੇਗਾ ਕਿ ਇਹ ਤਿੰਨੋਂ ਵਿਅਕਤੀ ਲਾਈ ਡਿਟੈਕਟ ਟੈਸਟ ਕਰਵਾਉਣ ਲਈ ਤਿਆਰ ਹੁੰਦੇ ਹਨ ਜਾਂ ਨਹੀਂ ਇਹ ਵੀ ਪਟਿਆਲਾ ਪੁਲਿਸ ਲਈ ਚੈਲੰਜ ਤੋਂ ਘੱਟ ਨਹੀਂ ਹੈ ਕਿਉਂਕਿ ਲਾਈ ਡਿਟੈਕਟ ਟੈਸਟ ਲਈ ਤਿੰਨਾਂ ਵਿਅਕਤੀਆਂ ਦੀ ਸਹਿਮਤੀ ਲੈਣੀ ਹੋਵੇਗੀ।
ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਚੋਂ ਪੁਰਾਤਨ ਸਫਰੀ ਸਰੂਪ ਦੇ ਗੁੰਮ ਹੋਣ ਤੋਂ ਬਾਅਦ ਪਿੰਡ ਵਾਸੀਆਂ ਨੇ ਇਕ ਦਰਖਾਸਤ ਪਟਿਆਲਾ ਪੁਲਿਸ ਨੂੰ ਦਿੱਤੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਜਾਂਚ ਆਰੰਭੀ ਸੀ। ਦੂਜੇ ਪਾਸੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਪੁੱਜਾ ਤਾਂ ਸ਼੍ਰੋਮਣੀ ਕਮੇਟੀ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ ‘ਚ ਕਮੇਟੀ ਦਾ ਗਠਨ ਕੀਤਾ ਸੀ, ਜਿਸ ਮਗਰੋਂ ਪੜਤਾਲੀਆ ਕਮੇਟੀ ਨੇ ਸਾਰੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ। ਦੂਜੇ ਪਾਸੇ ਜਿਵੇਂ ਹੀ ਇਸ ਮਾਮਲੇ ‘ਚ ਸਰੂਪ ਦਾ ਪਤਾ ਲਾਉਣ ਲਈ ਦੇਰੀ ਹੁੰਦੀ ਰਹੀ ਸਿਆਸੀ ਪਾਰਟੀਆਂ ਨੇ ਇਸ ਮਾਮਲੇ ‘ਤੇ ਸਿਆਸਤ ਕਰਨੀ ਹੀ ਬੇਹਤਰ ਸਮਝੀ, ਜਿਸ ‘ਤੇ ਅੱਜ ਵੀ ਕਈ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸਿਆਸਤਦਾਨਾਂ ਵੱਲੋਂ ਸਿਆਸਤ ਕੀਤੀ ਜਾ ਰਹੀ, ਪਰ ਇਸ ਕਸ਼ਮਕਸ਼ ਵਿਚ ਪਟਿਆਲਾ ਪੁਲਿਸ ਹੱਥ ਸਫਲਤਾ ਲੱਗੀ ਨਜ਼ਰ ਤਾਂ ਆਉਂਦੀ ਹੈ, ਪਰ ਆਖਿਰ ਲਾਈ ਡਿਟੈਕਟ ਟੈਸਟ ਤੋਂ ਬਾਅਦ ਹੀ ਝੂਠ ਅਤੇ ਸੱਚ ਦਾ ਨਿਤਾਰਾ ਹੋ ਸਕਦਾ ਹੈ।

Leave a Reply

Your email address will not be published. Required fields are marked *