ਦੇਸ਼-ਵਿਦੇਸ਼ਪੰਜਾਬਪਟਿਆਲਾ

ਭਾਰਤੀ ਹਕੂਮਤ ਨੇ ਜੰਮੂ ਕਸ਼ਮੀਰ ‘ਚ ਸਿੱਖਾਂ ਨੂੰ ਕਰਵਾਇਆ ਬੇਗਾਨਗੀ ਦਾ ਅਹਿਸਾਸ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸਿੱਖਾਂ ‘ਚ ਸਿਧਾਂਤਕ ਵਿਖਰੇਵਾਂ ਆਉਣ ਨਾਲ ਬੇਵਿਸ਼ਵਾਸੀ ਅਤੇ ਬੇਭਰੋਸਗੀ ਵਾਲਾ ਮਾਹੌਲ ਬਣਿਆ
ਪਟਿਆਲਾ 14 ਸਤੰਬਰ (ਮਧੂਸਾਰ ਬਿਊਰੋ)
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਸ਼ਾਵਾਂ ਬਿੱਲ 2020 ‘ਚੋਂ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਤੇ ਵਿਰਵਾ ਕਰਨਾ ਸੋਚੀ ਸਮਝੀ ਸਾਜਿਸ਼ ਹੈ ਅਤੇ ਭਾਰਤੀ ਹਕੂਮਤ ਨੇ ਅਜਿਹਾ ਕਦਮ ਚੁੱਕਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ।ਗਿਆਨੀ ਹਰਪ੍ਰੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਸੰਬੋਧਨ ਕਰ ਰਹੇ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਅਜਿਹਾ ਭੁਲੇਖਾ ਨਾ ਰੱਖੇ ਕਿ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਰੱਖਕੇ ਸਿੱਖ ਜਮਾਤ ਨੂੰ ਖ਼ਤਮ ਕੀਤਾ ਜਾ ਸਕਦਾ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਗੁਆਂਢੀ ਸੂਬਿਆਂ ‘ਚ ਵੀ ਦੂਸਰੀ ਭਾਸ਼ਾਵਾਂ ਨੂੰ ਲਾਗੂ ਕਰਕੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ, ਪਰ ਸਿੱਖਾਂ ਨੂੰ ਮੁਕਾ ਦੇਣ ਵਾਲੇ ਭਰਮ ਭੁਲੇਖਿਆਂ ਦੀ ਮਿਸਾਲ ਜੰਮੂ ਕਸ਼ਮੀਰ ਤੋਂ ਲਈ ਜਾ ਸਕਦੀ ਹੈ, ਜਿਥੇ ਅੱਜ ਸੱਤ ਲੱਖ ਤੋਂ ਵੱਧ ਸਿੱਖਾਂ ਦੀ ਵਸੋਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਸਿੱਖ ਮੁਕੇ ਹਨ ਅਤੇ ਨਾ ਪੰਜਾਬੀ ਭਾਸ਼ਾ ਖ਼ਤਮ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ ‘ਚ ਕਦੇ ਵੀ ਸਫਲ ਨਹੀਂ ਹੋਣਗੀਆਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਜਮਾਤ ਨੂੰ ਆਪਸ ‘ਚ ਉਲਝਣ ਦੀ ਬਜਾਏ ਸ਼ਬਦੀ ਬੰਦੂਕਾਂ ਨਾਲ ਦਿੱਲੀ ਵੱਲ ਸੇਧਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਮਾਂ ਅਤੇ ਕਬੀਲਿਆਂ ‘ਚ ਮੱਤਭੇਦ ਹੁੰਦੇ ਹਨ ਅਤੇ ਸਿੱਖਾਂ ‘ਚ ਸਿਧਾਂਤਕ ਵਿਖਰੇਵਾਂ ਆਉਣ ਨਾਲ ਬੇਵਿਸ਼ਵਾਸੀ ਅਤੇ ਬੇਭਰੋਸਗੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਵਾਂ ਅਤੇ ਸੰਸਥਾਪਕ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਸਵੈ ਪੜਚੋਲ ਕਰਕੇ ਕਮੀਆਂ ਅਤੇ ਗਲਤੀਆਂ ਨਾਲ ਸਗਤੀ ਸੁਝਾਅ ਨਾਲ ਭਰਮ-ਭੁਲੇਖੇ ਦੂਰ ਕੀਤੇ ਜਾਣ ਤਾਂ ਕਿ ਅਸੀਂ ਇਕ ਦੂਜੇ ਦੇ ਨੇੜੇ ਆ ਸਕੀਏ। ਉਨਾਂ ਕਿਹਾ ਕਿ ਕੌਮਾਂ ਅਤੇ ਕਬੀਲਿਆਂ ‘ਚ ਅਕਸਰ ਮੱਤਭੇਦ ਹੁੰਦੇ ਹਨ, ਪਰ ਸਿਧਾਂਤਕ ਵਿਖਰੇਵਿਆਂ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫੈਡਰੇਸ਼ਨਾਂ ਵੀ ਇਸ ਮਾਹੌਲ ‘ਚ ਵੰਡੀਆਂ ਗਈਆਂ ਹਨ, ਪਰ ਅੱਜ ਫੈਡਰੇਸ਼ਨ ਦੇ ਇਸ ਸਥਾਪਨਾ ਦਿਵਸ ਮੌਕੇ ਸਾਰਿਆਂ ਨੂੰ ਫੈਡਰੇਸ਼ਨ ਦੇ ਪਲੇਟਫਾਰਮ ‘ਤੇ ਇਕੱਤਰ ਹੋ ਕੇ ਸਿੱਖ ਸਿਆਸਤ ‘ਚ ਯੋਗਦਾਨ ਪਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *