ਖੇਤੀਬਾੜੀ ਬਿੱਲ ਕਿਸਾਨਾਂ ਦੇ ਰੱਖਿਆ ਕਵਚ, ਵਿਰੋਧ ਕਰਨ ਵਾਲੇ ਦੇ ਰਹੇ ਵਿਚੌਲਿਆਂ ਦਾ ਸਾਥ : ਮੋਦੀ
ਨਵੀਂ ਦਿੱਲੀ 18 ਸਤੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ ‘ਚ ਪਾਸ ਖੇਤੀਬਾੜੀ ਸੰਬੰਧੀ ਬਿੱਲ ਉਨ੍ਹਾਂ ਲਈ ਰੱਖਿਆ ਕਵਚ ਦਾ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਪ੍ਰਬੰਧ ਲਾਗੂ ਹੋਣ ਕਾਰਨ ਉਹ ਆਪਣੀ ਫਸਲ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ ‘ਚ ਆਪਣੀ ਮਨਚਾਹੀ ਕੀਮਤ ‘ਤੇ ਵੇਚ ਸਕਣਗੇ।
ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ, ਖਾਸ ਕਰ ਕੇ ਕਾਂਗਰਸ ‘ਤੇ, ਦੋਸ਼ ਲਗਾਇਆ ਕਿ ਉਹ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਚੌਲਿਆਂ ਨਾਲ ਕਿਸਾਨਾਂ ਦੀ ਕਮਾਈ ਨੂੰ ਵਿਚ ਹੀ ਲੁੱਟਣ ਵਾਲਿਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹ ਨਾ ਹੋਣ ਅਤੇ ਚੌਕਸ ਰਹਿਣ। ਮੋਦੀ ਨੇ ਇਹ ਗੱਲਾਂ ਸ਼ੁੱਕਰਵਾਰ ਨੂੰ ‘ਇਤਿਹਾਸਕ’ ਕੋਸੀ ਰੇਲ ਮਹਾਸੇਤੂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਅਤੇ ਬਿਹਾਰ ਦੇ ਰੇਲ ਯਾਤਰੀਆਂ ਦੀ ਸਹੂਲਤਾਂ ਲਈ 12 ਰੇਲ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਕਹੀਆਂ।
ਵੀਡੀਓ ਕਾਨਫਰੈਂਸ ਨਾਲ ਆਯੋਜਿਤ ਇਸ ਸਮਾਰੋਹ ‘ਚ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਕੇਂਦਰੀ ਮੰਤਰੀ ਪੀਊਸ਼ ਗੋਇਲ, ਰਵੀਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ ਅਤੇ ਨਿਤਿਆਨੰਦ ਰਾਏ ਨੇ ਵੀ ਹਿੱਸਾ ਲਿਆ। ਮੋਦੀ ਨੇ ਕਿਹਾ ਕਿ ਕੱਲ ਵਿਸ਼ਵਕਰਮਾ ਜਯੰਤੀ ਦੇ ਦਿਨ ਲੋਕ ਸਭਾ ‘ਚ ਇਤਿਹਾਸਕ ਖੇਤੀਬਾੜੀ ਸੁਧਾਰ ਬਿੱਲ ਪਾਸ ਕੀਤੇ ਗਏ ਹਨ। ਕਿਸਾਨ ਅਤੇ ਗਾਹਕ ਦਰਮਿਆਨ ਜੋ ਬਿਚੌਲੇ ਹੁੰਦੇ ਹਨ, ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖ਼ੁਦ ਲੈ ਲੈਂਦੇ ਹਨ, ਉਨ੍ਹਾਂ ਤੋਂ ਬਚਾਉਣ ਲਈ ਇਹ ਬਿੱਲ ਲਿਆਏ ਜਾਣੇ ਬਹੁਤ ਜ਼ਰੂਰੀ ਸਨ। ਇਹ ਬਿੱਲ ਕਿਸਾਨਾਂ ਲਈ ਰੱਖਿਆ ਕਵਚ ਬਣ ਕੇ ਆਏ ਹਨ।”

