ਪਟਿਆਲਾ

ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਵੈਬੀਨਾਰ ਦੇ ਰੂਪ ਵਿਚ ਕਰਵਾਇਆ

ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ) ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਜੀ ਦੇ 101ਵੇਂ ਜਨਮ ਦਿਨ ਦੇ ਮੌਕੇ ‘ਤੇ ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਵੈਬੀਨਾਰ ਦੇ ਰੂਪ ਵਿਚ ਕਰਵਾਇਆ ਗਿਆ। ਆਰੰਭ ਵਿੱਚ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਚੇਅਰ ਦੁਆਰਾ ਜਾਰੀ ਕਾਰਜਾਂ ਦਾ ਬਿਓਰਾ ਦਿੱਤਾ। ਉਪਰੰਤ ਡਾ. ਨਿਵੇਦਿਤਾ ਸਿੰਘ ਨੇ ਪ੍ਰੋ. ਤਾਰਾ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਆਪ ਦਾ ਪੰਜਾਬ ਵਿੱਚ ਸੰਗੀਤ ਵਿਸ਼ੇ ਦੀ ਅਕਾਦਮਿਕ ਸਥਾਪਤੀ, ਗੁਰਮਤਿ ਸੰਗੀਤ ਦੇ ਖੇਤਰ ਵਿੱਚ ਮੁੱਢਲਾ ਖੋਜ ਕਾਰਜ ਅਤੇ ਗੁਰਬਾਣੀ ਦਾ ਸੁਰਲਿਪੀਬੱਧ ਕਾਰਜ ਕਰਨ ਵਿੱਚ ਅਹਿਮ ਯੋਗਦਾਨ ਹੈ।

ਸਮਾਰੋਹ ਲਈ ਉਦਘਾਟਨੀ ਸ਼ਬਦ ਬੋਲਦਿਆਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਚੇਅਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਮੂਲ ਉਦੇਸ਼ਾਂ ਦੀ ਪੂਰਤੀ ਲਈ ਵਚਨਬੱਧ ਹੈ। ਇਸ ਉਪਰੰਤ ਪ੍ਰੋ. ਤਾਰਾ ਸਿੰਘ ਨਾਲ ਜੁੜੀਆਂ ਸਿਮ੍ਰਤੀਆਂ ਸਾਂਝੀਆਂ ਕਰਦੇ ਹੋਏ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਨੇ ਆਪਣੇ ਉਸਤਾਦ ਪ੍ਰਤਿ ਅਕੀਦਾ ਭੇਟ ਕੀਤਾ ਅਤੇ ਪ੍ਰੋ. ਤਾਰਾ ਸਿੰਘ ਜੀ ਦੀ ਬਹੁਪੱਖੀ ਸ਼ਖ਼ਸੀਅਤ ‘ਤੇ ਹੋਰ ਚਾਨਣਾ ਪਾਇਆ, ਕਿਵੇਂ 1954 ਵਿੱਚ ਪ੍ਰੋ. ਸਾਹਿਬ ਪੰਜਾਬ ਵਿਚ ਸੰਗੀਤ ਦੇ ਪਹਿਲੇ ਪ੍ਰਾਧਿਆਪਕ ਨਿਯੁਕਤ ਹੋਏ। ਪ੍ਰੋ. ਤਾਰਾ ਸਿੰਘ ਨੇ ਹਜ਼ਾਰਾਂ ਸ਼ਗਿਰਦ ਪੈਦਾ ਕੀਤੇ ਜਿਹਨਾਂ ਵਿਚ ਡਾ. ਗੁਰਨਾਮ ਸਿੰਘ, ਡਾ. ਨਿਵੇਦਿਤਾ ਸਿੰਘ, ਡਾ. ਅਲੰਕਾਰ ਸਿੰਘ ਆਦਿ ਪ੍ਰਮੁੱਖ ਹਨ। ਪ੍ਰੋ. ਸਾਹਿਬ ਦੁਆਰਾ ਸੁਰਬੱਧ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਦਾ ਗਾਇਨ ਡਾ. ਅਲੰਕਾਰ ਸਿੰਘ ਅਤੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ।
ਉਪਰੰਤ ਗੁਰਮਤਿ ਸੰਗੀਤ ਚੇਅਰ ਅਤੇ ਵਿਭਾਗ ਦੇ ਬਾਨੀ ਪ੍ਰੋ. ਤੇ ਵਿਸ਼ਵ ਪ੍ਰਸਿੱਧ ਵਿਦਵਾਨ ਡਾ. ਗੁਰਨਾਮ ਸਿੰਘ ਵਲੋਂ ਪ੍ਰੋ. ਤਾਰਾ ਸਿੰਘ ਦੁਆਰਾ ਸੁਰਲਿਪੀਬੱਧ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਸ਼ੇ ‘ਤੇ ਸਿਮ੍ਰਤੀ ਲੈਕਚਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਪ੍ਰੋ. ਤਾਰਾ ਸਿੰਘ ਜੀ ਦੇ ਅਦੁੱਤੀ ਯੋਗਦਾਨ ਨੂੰ ਉਜਾਗਰ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਹਾਜ਼ਰ ਰਹੇ ਅਤੇ ਧੰਨਵਾਦੀ ਸ਼ਬਦ ਡਾ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ ਦੁਆਰਾ ਬੋਲੇ ਗਏ। ਵੈਬੀਨਾਰ ਵਿੱਚ ਵੱਡੀ ਗਿਣਤੀ ਵਿੱਚ ਫ਼ੈਕਲਟੀ ਮੈਂਬਰ, ਵਿਦਿਆਰਥੀ, ਯੂ.ਐਸ.ਏ., ਕੈਨੇਡਾ, ਯੂ.ਕੇ. ਆਦਿ ਤੋਂ ਪ੍ਰੋ. ਤਾਰਾ ਸਿੰਘ ਜੀ ਦੇ ਸ਼ਿਸ਼, ਪਰਿਵਾਰਕ ਮੈਂਬਰ ਤੇ ਹੋਰ ਸੰਗੀਤ ਦੇ ਰਸੀਏ ਹਾਜ਼ਰ ਰਹੇ, ਜਿਹਨਾਂ ਵਿਚ ਸਪੁੱਤਰੀ ਕਮਲਨੈਨ ਸੋਹਲ, ਨੈਨਜੋਤ ਔਜਲਾ, ਹਰਲੀਨ ਕੌਰ ਅਤੇ ਹੋਰ ਮਹਿਮਾਨਾਂ ਵਿਚ ਡਾ. ਡੇਜ਼ੀ ਵਾਲੀਆ, ਡਾ. ਆਤਮਜੀਤ ਸਿੰਘ, ਪੰ. ਦੇਵਂੇਦਰ ਵਰਮਾ, ਡਾ. ਪੰਕਜਮਾਲਾ ਸ਼ਰਮਾ, ਡਾ. ਸੈਂਪਸਨ ਡੇਵਿਡ, ਡਾ. ਹਰਗੁਨ ਸਿੰਘ, ਡਾ. ਬਲਵਿੰਦਰਪਾਲ ਸਿੰਘ, ਇੰਗਲੈਂਡ ਤੋਂ ਗੁਰਬਖ਼ਸ਼ ਸਿੰਘ, ਡਾ. ਪਰਮੀਤ ਕੌਰ, ਡਾ. ਕੰਵਲਜੀਤ ਸਿੰਘ, ਡਾ. ਜਸਬੀਰ ਕੌਰ, ਡਾ. ਹਰਮਿੰਦਰ ਕੌਰ, ਡਾ. ਅਮਰਿੰਦਰ ਸਿੰਘ, ਸ. ਜਸਬੀਰ ਸਿੰਘ ਜਵੱਦੀ, ਸ. ਰਣਬੀਰ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *