ਦੇਸੀ ਢੰਗ ਨਾਲ ਪਰਾਲੀ ਖੇਤ ‘ਚ ਵਾਹ ਕੇ ਸਫਲਤਾ ਨਾਲ ਖੇਤੀ ਕਰ ਰਿਹਾ ਹੈ ਜਸਵੀਰ ਸਿੰਘ
ਸੀਮਤ ਖੇਤੀ ਮਸ਼ੀਨਰੀ ਨਾਲ 10 ਏਕੜ ਜਮੀਨ ‘ਚ ਚਾਰ ਸਾਲਾਂ ਤੋਂ ਬਿਨਾਂ ਅੱਗ ਲਗਾਏ ਕੀਤੀ ਕਣਕ ਦੀ ਬਿਜਾਈ
ਪਟਿਆਲਾ 10 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਬਲਾਕ ‘ਚ ਪੈਂਦੇ ਪਿੰਡ ਚੱਕ ਕਲਾਂ ਦਾ ਜਸਵੀਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਦੇਸੀ ਢੰਗ ਅਪਣਾਕੇ ਪਰਾਲੀ ਨੂੰ ਖੇਤਾਂ ‘ਚ ਹੀ ਵਾਹ ਕੇ ਸਫਲਤਾ ਨਾਲ ਖੇਤੀ ਕਰ ਰਿਹਾ ਹੈ। ਆਪਣਾ ਤਜਰਬਾ ਸਾਂਝਾ ਕਰਦਿਆ ਜਸਵੀਰ ਸਿੰਘ ਨੇ ਦੱਸਿਆ ਕਿ ਉਹ 10 ਏਕੜ ਜਮੀਨ ‘ਚ ਖੇਤੀ ਕਰ ਰਿਹਾ ਹੈ ਅਤੇ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾਰੇ ਖੇਤ ‘ਚ ਫੈਲਾਕੇ ਉਨ੍ਹਾਂ ਵੱਲੋਂ ਹੈਰੋ ਫੇਰ ਦਿੱਤੀ ਜਾਂਦੀ ਹੈ ਅਤੇ ਫੇਰ ਉਲਟਾਵੇ ਹੱਲਾਂ ਨਾਲ ਖੇਤ ਦੀ ਮਿੱਟੀ ਨੂੰ ਕਰੀਬ ਇੱਕ ਫੁੱਟ ਤੱਕ ਪਲਟਾ ਦੇਕੇ ਪਰਾਲੀ ਨੂੰ ਮਿੱਟੀ ‘ਚ ਹੀ ਮਿਲਾ ਦਿੱਤਾ ਜਾਂਦਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਮਿੱਟੀ ‘ਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਰੋਣੀ ਕਰਕੇ ਫੇਰ ਕਣਕ ਦਾ ਛਿੱਟਾ ਦੇਣ ਉਪਰੰਤ ਰੋਟਾਵੇਟਰ ਦਾ ਗੇੜਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਦਿਆ ਮੈਨੂੰ ਚਾਰ ਸਾਲ ਹੋ ਗਏ ਹਨ ਇਸ ਨਾਲ ਝਾੜ ‘ਚ ਕੋਈ ਕਮੀ ਨਹੀਂ ਆਈ ਹੈ ਸਗੋਂ ਹੁਣ ਖੇਤ ‘ਚ ਖਾਂਦਾ ਦੀ ਵਰਤੋਂ ਘੱਟ ਹੋਣ ਲੱਗੀ ਹੈ, ਕਿਉਂਕਿ ਖੇਤੀਬਾੜੀ ਵਿਭਾਗ ਨੇ ਦੱਸਿਆ ਸੀ ਕਿ ਜੇਕਰ ਚਾਰ ਸਾਲ ਤੱਕ ਖੇਤ ‘ਚ ਅੱਗ ਨਾ ਲਗਾਈ ਜਾਵੇ ਤਾਂ ਖਾਦਾਂ ਦੀ ਵਰਤੋਂ ਵਿੱਚ ਕਾਫ਼ੀ ਕਮੀ ਆਉਂਦੀ ਹੈ, ਜੋ ਬਿਲਕੁਲ ਸਹੀ ਸਾਬਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਦੇਸੀ ਢੰਗ ਨਾਲ ਪਰਾਲੀ ਨੂੰ ਖੇਤ ‘ਚ ਮਿਲਾਉਣ ਨਾਲ ਖੇਤੀ ਖਰਚਿਆਂ ‘ਚ ਕਮੀ ਆਈ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਕਣਕ ਦਾ ਝਾੜ ਅੱਗ ਲਗਾਉਣ ਵਾਲਿਆਂ ਨਾਲੋਂ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧਿਆ ਹੈ ਜਿਸ ਸਦਕਾ ਉਨ੍ਹਾਂ ਵੱਲੋਂ ਨਿਰੰਤਰ ਚਾਰ ਸਾਲਾਂ ਤੋਂ ਦੇਸੀ ਢੰਗ ਨਾਲ ਹੀ ਪਰਾਲੀ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਜਸਵੀਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ ਦੀ ਅਪੀਲ ਕਰਦਿਆਂ ਕਿਹਾ ਕਿ ਆਧੁਨਿਕ ਮਸ਼ੀਨਰੀ ਦੇ ਨਾਲ-ਨਾਲ ਅਜਿਹੇ ਦੇਸੀ ਢੰਗ ਤਰੀਕੇ ਅਪਣਾਕੇ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣੋ ਬਚਾਇਆ ਜਾ ਸਕਦਾ ਹੈ ਅਤੇ ਆਪਣੇ ਖੇਤੀ ਖਰਚਿਆਂ ‘ਚ ਕਮੀ ਕੀਤੀ ਜਾ ਸਕਦੀ ਹੈ।

