ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ: ਨਾਗਰਾ
ਵਿਧਾਇਕ ਨਾਗਰਾ ਨੇ ਪਿੰਡ ਬਰਾਸ ਦੀਆਂ ਗਲੀਆਂ ਇੰਟਰਲਾਕ ਟਾਈਲਾਂ ਲੱਗਣ ਉਪਰੰਤ ਕੀਤੀਆਂ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਹਰਪ੍ਰੀਤ ਕੌਰ ਟਿਵਾਣਾ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰਜ਼ ‘ਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਖੇੜਾ ਬਲਾਕ ਦੇ ਪਿੰਡ ਬਰਾਸ ਵਿਖੇ ਇੰਟਰਲਾਕ ਟਾਈਲਾਂ ਨਾਲ ਤਿਆਰ ਕੀਤੀਆਂ ਗਲੀਆਂ ਲੋਕ ਅਰਪਣ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪਿੰਡ ਦੀਆਂ ਕਈ ਗਲੀਆਂ ਇੰਟਰਲਾਕਿੰਗ ਟਾਈਲਾਂ ਲੱਗਣ ਉਪਰੰਤ ਤਿਆਰ ਹੋ ਚੁੱਕੀਆਂ ਹਨ ਅਤੇ ਬਾਕੀ ਗਲੀਆਂ ਵਿੱਚ ਵੱਡੀ ਪੱਧਰ ‘ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜੋ ਕਿ ਛੇਤੀ ਹੀ ਮੁਕੰਮਲ ਹੋ ਜਾਣਗੀਆਂ।
ਸ. ਨਾਗਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਸੂਬੇ ਦੇ ਸਾਰੇ ਹਲਕਿਆਂ ਨਾਲੋਂ ਵਧੇਰੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਛੇਤੀ ਹੀ ਇਹ ਹਲਕਾ ਰਾਜ ਦਾ ਨਮੂਨੇ ਦਾ ਹਲਕਾ ਬਣੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕਾਂ ‘ਤੇ ਪਹਿਰਾ ਦਿੱਤਾ ਹੈ ਅਤੇ ਹੁਣ ਵੀ ਕਿਸਾਨਾਂ ਦੇ ਹੱਕਾਂ ਲਈ ਵਿਧਾਨ ਸਭਾ ਵਿੱਚ ਵੱਡੇ ਫ਼ੈਸਲੇ ਲਏ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਪ੍ਰਕੋਪ ਦੇ ਬਾਵਜੂਦ ਸਰਕਾਰ ਨੇ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਅਤੇ ਨਾ ਹੀ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਰਹੇਗੀ।
ਇਸ ਮੌਕੇ ਬੀ.ਡੀ.ਪੀ.ਓ ਮੋਹਿੰਦਰ ਸਿੰਘ,ਬਲਾਕ ਸੰਮਤੀ ਖੇੜਾ ਦੇ ਚੇਅਰਮੈਨ ਗੁਰਮੇਲ ਸਿੰਘ,ਜਿਲਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ,ਬਲਾਕ ਪ੍ਰਧਾਨ ਡਾ. ਬਲਰਾਮ ਸ਼ਰਮਾ,ਸੀਨੀਅਰ ਕਾਂਗਰਸੀ ਆਗੂ ਡਾ.ਕਮਲ ਬਡਾਲੀ,ਸਰਪੰਚ ਰਜਨੀ ਸੂਦ,ਰਣਜੀਤ ਸਿੰਘ,ਮੇਵਾ ਸਿੰਘ,ਸੁਖਦੇਵ ਸਿੰਘ,ਸੁਖਵਿੰਦਰ ਸਿੰਘ,ਨਿਰਮਲ ਸਿੰਘ,ਪਰਮਜੀਤ ਕੌਰ ਸਾਰੇ ਪੰਚ,ਫੂਮਨ ਸਿੰਘ ਆਦਿ ਹਾਜ਼ਰ ਸਨ।

