ਪੰਜਾਬ ਦੇ ਮੁਲਾਜ਼ਮਾਂ ਤੇ ਕੇਂਦਰੀ ਪੈਟਰਨ ਦੇ ਸਕੇਲ ਮੁਲਾਜ਼ਮਾਂ ਨਾਲ ਧੱਕਾ: ਰਣਜੀਤ ਮਾਨ
ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਪਟਿਆਲਾ, 11 ਨਵੰਬਰ (ਮਧੂਸਾਰ ਬਿਊਰੋ) ਗੋਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਪਟਿਆਲ਼ਾ ਦੇ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲ਼ਾ ਦੇ ਦਫਤਰ ਵਿਖੇ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਧਿਆਪਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ। ਸਿੱਖਿਆ ਵਿਭਾਗ ਵਿੱਚ ਨਵੀਂ ਭਰਤੀ ਰੈਗੂਲਰ ਗ੍ਰੇਡਾਂ ਦੀ ਬਜਾਏ ਕੇਂਦਰੀ ਗ੍ਰੇਡਾਂ ਵਿੱਚ ਕਰਨ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ । ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ । ਇਸ ਮੌਕੇ ਆਗੂਆਂ ਨੇ ਇਕਸੁਰ ਹੋ ਕੇ ਕਿਹਾ ਕਿ ਲਗਾਤਾਰ ਮੁਲਾਜ਼ਮ ਵਿਰੋਧੀ ਫ਼ੈਸਲੇ ਲੈਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ । ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦਾ ਲਗਾਤਾਰ ਲਾਰਾ ਲਾਇਆ ਜਾ ਰਿਹਾ ਹੈ । ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਸਮੁੱਚੇ ਭਾਰਤ ਦੇ ਰਾਜਾਂ ਵਿੱਚ ਪੇਅ ਕਮਿਸ਼ਨ ਦੇ ਦਿੱਤਾ ਗਿਆ ਹੈ । ਇਸ ਮੌਕੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ । ਉਹਨਾਂ ਆਖਿਆ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਪੰਜਾਬ ਦੇ ਮੁਲਾਜ਼ਮ ਆਉਣ ਵਾਲ਼ੀਆਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿੱਚ ਦੇਣਗੇ। ਉਹਨਾਂ ਇਸ ਮੌਕੇ ਕਿਹਾ ਕਿ ਮੋਨਟੇਕ ਆਹਲੂਵਾਲੀਆ ਦੀਆ ਮੁਲਾਜ਼ਮ ਵਿਰੋਧੀ ਤਜਵੀਜ਼ਾਂ ਰੱਦ ਕੀਤੀਆਂ ਜਾਣ । ਅਪ੍ਰੈਲ 2004 ਤੋਂ ਬਾਅਦ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸੰਘਰਸ਼ਾਂ ਦੌਰਾਨ ਅਧਿਆਪਕਾਂ ਨੂੰ ਜਾਰੀ ਕੀਤੀਆਂ ਦੋਸ਼ ਸੂਚੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ, ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਪਟਿਆਲ਼ਾ , ਜਸਵਿੰਦਰ ਸਮਾਣਾ , ਸੁਖਵਿੰਦਰ ਨਾਭਾ ,ਸੰਦੀਪ ਰਾਜਪੁਰਾ , ਗੁਰਮੇਲ ਜਾਹਲਾਂ ,ਇੰਦਰਜੀਤ ਰੌਣੀ,ਕੰਵਲ ਨੈਣ ਸਮਾਣਾ ,ਗੁਰਪ੍ਰੀਤ ਸਿੰਘ ਸਿੱਧੂ 6505 ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ,ਪੁਰਾਣੀ ਪੈਨਸ਼ਨ ਬਹਾਲੀ ਦੇ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਪਟਿਆਲ਼ਾ , ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੁਬਾਈ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਫੀਲਡ ਐਂਡ ਵਰਕਸ ਯੂਨੀਅਨ ਤੋਂ ਜਸਵੀਰ ਖੋਖਰ, ਡੀਟੀਐਫ ਤੋਂ ਵਿਕਰਮਦੇਵ ਸਿੰਘ, ਸ਼ਿਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਨਾਭਾ, ਭੀਮ ਸਿੰਘ ,ਟਹਿਲਬੀਰ ਸਿੰਘ , ਵਿਕਾਸ ਸਹਿਗਲ, ਰਾਜਿੰਦਰ ਸਿੰਘ, ਸਰਬਜੀਤ ਸਿੰਘ, ਅਮਿਤ, ਆਦਿ ਨੇ ਸੰਬੋਧਨ ਕੀਤਾ।

