400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸੰਗੀਤ ਵਿਭਾਗ ਵੱਲੋਂ ਵੈਬੀਨਾਰ
ਪਟਿਆਲਾ 25 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਮਤਿ ਸੰਗੀਤ ਦੇ ਖੇਤਰ ਵਿਚ ਯੋਗਦਾਨ’ ਦੇ ਵਿਸ਼ੇ ਉੱਪਰ ਵੈਬੀਨਾਰ ਕਰਵਾਇਆ ਗਿਆ।
ਵੈਬੀਨਾਰ ਵਿੱਚ ਪਹੁੰਚੇ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਡਾ. ਯਸ਼ਪਾਲ ਸ਼ਰਮਾ ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ ਨੇ ਵਿਭਾਗ ਦੁਆਰਾ ਕੀਤੇ ਜਾ ਰਹੇ ਕਾਰਜਾਂ ਸਬੰਧੀ ਚਰਚਾ ਕੀਤੀ। ਇਸ ਵੈਬੀਨਾਰ ਵਿਚ ਕੈਨੇਡਾ ਤੋਂ ਸੁਪ੍ਰਸਿੱਧ ਗੁਰਮਤਿ ਸੰਗੀਤ ਅਚਾਰੀਆ ਸ੍ਰ. ਮਹਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੇ ਨਾਲ ਹੀ ਗੁਰਮਤਿ ਸੰਗੀਤ ਦੇ ਮਹਾਨ ਗਿਆਤਾ ਡਾ. ਜਸਬੀਰ ਸਿੰਘ ਸਾਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੈਬੀਨਾਰ ਤੋਂ ਜੁੜੇ। ਇਸ ਤੋਂ ਇਲਾਵਾ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਦਾ. ਜਸਬੀਰ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ। ਵੈਬੀਨਾਰ ਦੇ ਸ਼ੁਰੂ ਵਿਚ ਡਾ. ਅਰਸ਼ਪ੍ਰੀਤ ਸਿੰਘ ਪਟਿਆਲਾ ਨੇ ਰਾਗ ਜੈਜਾਵੰਤੀ ਵਿਚ ਸ਼ਬਦ ਗਾਇਨ ਕਰਕੇ ਸਭ ਨੂੰ ਨਿਹਾਲ ਕੀਤਾ। ਡਾ. ਜਸਬੀਰ ਸਿੰਘ ਸਾਬਰ ਨੇ ਦੱਸਿਆ ਕਿ ਗੁਰਮਤਿ ਸੰਗੀਤ ਅਤੇ ਸੰਗੀਤ ਵਿੱਚ ਬਹੁਤ ਗਹਿਰਾ ਭੇਦ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪ੍ਰਸੰਗਾਂ ਵਿੱਚ ਪ੍ਰਯੋਗ ਦੇ ਅਧਾਰ ਤੇ ਗੁਰਮਤਿ ਸੰਗੀਤ ਅਤੇ ਹਿੰਦੋਸਤਾਨੀ ਸੰਗੀਤ ਆਪਸ ਵਿੱਚ ਵੱਖ ਵੱਖ ਹਨ। ਕੈਨੇਡਾ ਤੋਂ ਸ੍ਰ. ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਜਿਥੇ ਰਾਗਾਤਮਕ ਕੀਰਤਨ ਦੁਆਰਾ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ ਉਥੇ ਹੀ ਰਾਗੀ ਸਿੰਘਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਵਿਚ ਦਿੱਤੇ ਸੰਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਨਾਉਣ ਤਾਂ ਕਿ ਸੰਗਤ ਉਪਰ ਇਸ ਸਭ ਦਾ ਗਹਿਰਾ ਅਸਰ ਹੋ ਸਕੇ। ਡਾ. ਜਸਬੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰਤੀਆਂ ਗਈਆਂ ਵੱਖ-ਵੱਖ ਸ਼ੈਲੀਆਂ ਬਾਰੇ ਸਾਨੂੰ ਡੂੰਘਾ ਅਧਿਐਨ ਕਰਨ ਦੀ ਲੋੜ ਹੈ ਅਤੇ ਨਿਰਧਾਰਤ ਸ਼ੈਲੀ ਅਨੁਸਾਰ ਹੀ ਸਾਨੂੰ ਕੀਰਤਨ ਨੂੰ ਸੰਗਤਾਂ ਤਕ ਲੈ ਕੇ ਜਾਣਾ ਚਾਹੀਦਾ ਹੈ। ਇਸ ਸਮਾਗਮ ਦੀ ਸਮਾਪਤੀ ਦੌਰਾਨ ਇਨਸਾਈਕਲੋਪੀਡੀਆ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਕਿਹਾ ਕੀ ਗੁਰਮਤਿ ਸੰਗੀਤ ਵਿਭਾਗ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਉਲੀਕੇ ਗਏ ਪ੍ਰੋਗਰਾਮ ਕਿਸੇ ਵੀ ਹੋਰ ਵਿਭਾਗ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਪ੍ਰੋਗਰਾਮ ਹਨ। ਉਨ੍ਹਾਂ ਦੱਸਿਆ ਕਿ ਗੁਰਮਤਿ ਸੰਗੀਤ ਅਤੇ ਧਾਰਮਿਕ ਪਰਿਪੇਖ ਤੋਂ ਕੀਤਾ ਜਾ ਰਿਹਾ ਅਜਿਹਾ ਕਾਰਜ ਕਿਸੇ ਵੀ ਹੋਰ ਸੰਸਥਾ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ। ਇਹ ਕਾਰਜ ਆਪਣੇ-ਆਪ ਵਿੱਚ ਨਿਵੇਕਲਾ ਹੈ। ਡਾ. ਕੰਵਲਜੀਤ ਸਿੰਘ, ਇੰਚਾਰਜ ਗੁਰਮਤਿ ਸੰਗੀਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਗੁਰਮਤਿ ਸੰਗੀਤ ਵਿੱਚ ਗੁਰੂ ਸਾਹਿਬ ਦੇ ਯੋਗਦਾਨ ਬਾਰੇ ਕੀਤੀ ਗਈ ਚਰਚਾ ਉਪਰੰਤ ਹੁਣ ਭਵਿੱਖ ਵਿਚ ਹਿੰਦੁਸਤਾਨੀ ਸੰਗੀਤ ਵਿੱਚ ਗੁਰੂ ਸਾਹਿਬ ਵੱਲੋਂ ਪਾਏ ਗਏ ਯੋਗਦਾਨ ਬਾਰੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੂਰੇ ਭਾਰਤ ਵਿੱਚੋਂ ਉੱਤਰੀ, ਦੱਖਣੀ, ਪੂਰਬੀ ਅਤੇ ਪਛਮੀ ਹਰ ਖੇਤਰ ਦੇ ਸੰਗੀਤ ਅਚਾਰੀਆ ਵੱਲੋਂ ਭਾਗ ਲਿਆ ਜਾਵੇਗਾ ਤਾਂ ਕਿ ਅਸੀਂ ਹੋਰਨਾਂ ਦੀਆਂ ਨਜ਼ਰਾਂ ਵਿੱਚ ਗੁਰੂ ਸਾਹਿਬ ਨੂੰ ਬਿਹਤਰ ਤਰੀਕੇ ਨਾਲ ਜਾਣ ਸਕੀਏ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਸੋਚਦੇ ਹਨ, ਇਹ ਤਾਂ ਅਸੀਂ ਸਾਰੇ ਹੀ ਭਲੀ-ਭਾਂਤ ਜਾਣਦੇ ਹਾਂ ਪ੍ਰੰਤੂ ਭਵਿੱਖ ਵਿਚ ਕੀਤੇ ਜਾਣ ਵਾਲੇ ਇਸ ਕਾਰਜ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰਨਾਂ ਧਰਮਾਂ ਅਤੇ ਖੇਤਰਾਂ ਦੇ ਇਹ ਲੋਕ ਗੁਰੂ ਸਾਹਿਬ ਦੇ ਯੋਗਦਾਨ ਨੂੰ ਕਿਵੇਂ ਵੇਖਦੇ ਹਨ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਨਰਿੰਦਰਜੀਤ ਕੌਰ ਪ੍ਰੋਫੈਸਰ ਜਯੋਤੀ ਸ਼ਰਮਾ, ਪ੍ਰੋਫੈਸਰ ਯਸ਼ਪਾਲ ਸ਼ਰਮਾ, ਡਾ. ਬਲਵਿੰਦਰਦੀਪ ਕੌਰ ਜਲੰਧਰ ਡਾ. ਸਵਰਨਜੀਤ ਕੌਰ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ.ਅਰਸ਼ਪ੍ਰੀਤ ਕੌਰ ਆਦਿ ਸ਼ਾਮਲ ਹੋਏ।

