ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਕਿਸਾਨ ਵੀਰਾਂ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ : ਜਸਬੀਰ ਗਾਂਧੀ
ਪਟਿਆਲਾ 10 ਦਸੰਬਰ (ਮਧੂਸਾਰ ਬਿਊਰੋ) ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਵੀਰ ਅੱਜ ਦੇਸ਼ ਹੀ ਨਹੀਂ ਪੂਰੇ ਵਿਸ਼ਵ ਦੇ ਅੰਨਦਾਤਾ ਹੈ, ਇਹਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਦੇਸ਼ ਵਿਰੋਧ ਤਾਕਤਾਂ ਨਾਲ ਜੋੜ ਕੇ ਇਹਨਾਂ ਨੂੰ ਅੱਤਵਾਦੀ ਕਹਿਣਾ ਬਿੱਲਕੁਲ ਗਲਤ ਹੈ। ਅੱਜ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਸਬੀਰ ਸਿੰਘ ਗਾਂਧੀ ਨੇ ਆਪਣੀ ਸਮੂਹ ਟੀਮ ਨਾਲ ਕਿਸਾਨਾਂ ਦੇ ਮੋਰਚੇ ਤੇ ਪਹੁੰਚਣ ਤੋਂ ਬਾਅਦ ਲੋਕਾਂ ਨਾਲ ਸਾਂਝਾ ਕੀਤਾ।
ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤੇ ਖ਼ਿਲਾਫ਼ ਕਰੋਨਾਂ ਦੀ ਆੜ ਵਿਚ ਲਿਆਂਦੇ ਕਾਲੇ ਕਾਨੂੰਨ ਦੇਸ਼ ਦੇ ਅੰਨਦਾਤੇ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ। ਉਸ ਨੂੰ ਕਿਸਾਨ ਵੀਰ ਕਦੇ ਵੀ ਸਵੀਕਾਰ ਨਹੀ ਕਰਨਗੇ। ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਵਿੱਚ ਚਲ ਰਿਹਾ ਕਿਸਾਨੀ ਅੰਦੋਲਨ ਮੋਦੀ ਵਲੋਂ ਪਿਛਲੇ 6 ਸਾਲਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਲਏ ਗਏ ਗਲਤ ਫ਼ੈਸਲਿਆਂ ਨੋਟਬੰਦੀ, ਜੀਐਸਟੀ ਕਰਕੇ ਦੇਸ਼ ਦੇ ਆਮ ਲੋਕਾਂ ਨੂੰ ਭੁੱਖਮਰੀ ਦੇ ਕੰਢੇ ਲਿਆ ਖੜਾ ਕੀਤਾ ਹੈ, ਮੋਦੀ ਸਰਕਾਰ ਵੱਲੋਂ ਹੁਣ ਤੱਕ ਦੇ ਸਾਰੇ ਫੈਸਲੇ ਲੋਕ ਵਿਰੋਧੀ ਸਾਬਿਤ ਹੌਏ ਹਨ। ਧੱਕੇ ਨਾਲ ਕਿਸਾਨਾਂ ਸਿਰ ਮੜ੍ਹੇ ਕਾਨੂੰਨਾਂ ਖ਼ਿਲਾਫ਼ ਹੁਣ ਪੰਜਾਬ ਤੋਂ ਬਾਅਦ ਪੂਰੇ ਦੇਸ਼ ਭਰ ਦਾ ਅੰਨਦਾਤਾ ਖੜ੍ਹਾ ਹੋ ਗਿਆ ਲਗਾਤਾਰ 26 ਨਵੰਬਰ ਤੋਂ ਤੋਂ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਵੀਰ ਰਾਤਾਂ ਗੁਜਾਰ ਰਹੇ ਹਨ, ਪਰ ਸਰਕਾਰੀ ਧਿਰ ਅਤੇ ਉਸਦੇ ਹਮਾਇਤੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਅੱਤਵਾਦੀ ਅਤੇ ਦੇਸ਼ ਧ੍ਰੋਹੀ ਦੇ ਖਿਤਾਬ ਵੰਡਣ ਲੱਗੀਆਂ ਹਨ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੀ ਹਨ ਜੋ ਪਰਮਾਤਮਾ ਨੂੰ ਅਰਦਾਸ ਕਰਨ ਵੇਲੇ ਸਰਬੱਤ ਦਾ ਭਲਾ ਮੰਗਦੇ ਹਨ, ਤੇ ਫੇਰ ਇਹ ਅੱਤਵਾਦੀ ਕਿਵੇਂ ਹੋ ਸਕਦੇ ਹਨ। ਪਰ ਸਰਕਾਰ ਦੀ ਸਹਿ ਤੇ ਕੁਝ ਲੋਕ ਦਿੱਲੀ ਆਪਣਾ ਹੱਕ ਲੈਣ ਗਏ ਬਜੁਰਗਾਂ, ਔਰਤ, ਬੱਚਿਆਂ ਅਤੇ ਨੌਜਵਾਨਾਂ ਨੂੰ ਅੱਤਵਾਦੀ ਦੱਸ ਰਹੇ ਹਨ, ਜੋ ਕਿ ਬਹੁਤ ਹੀ ਘਟੀਆ ਤੇ ਸ਼ਰਮਨਾਕ ਨਿੰਦਣਯੋਗ ਗਲ ਹੈ ।

