ਪੰਜਾਬਪਟਿਆਲਾ

ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪਿੰਡ ਟੌਹੜਾ ਦੀ ਪੰਚਾਇਤ ਨੇ ਕਾਰਪੋਰੇਟ ਘਰਾਣਿਆਂ ਦਾ ਕੀਤਾ ਬਾਈਕਾਟ

ਪਿੰਡ ਟੌਹੜਾ ਦੇ ਵਾਸੀਆਂ ਨੇ ਰਿਲਾਇੰਸ ਟਾਵਰ ਦਾ ਕੱਟਿਆ ਕੁਨੈਕਸ਼ਨ
ਦਿੱਲੀ ਧਰਨੇ ’ਚ ਪਿੰਡ ਵਾਸੀਆਂ ਨੂੰ ਭੇਜਣ ਲਈ ਛੇ ਮੈਂਬਰੀ ਟੀਮ ਦਾ ਗਠਨ
ਪਟਿਆਲਾ 22 ਦਸੰਬਰ :
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਚੱਲ ਰਿਹਾ ਧਰਨਾ ਜਿਥੇ ਜਾਰੀ ਹੈ, ਉਥੇ ਹੀ ਕਿਸਾਨ ਸੰਘਰਸ਼ ਦੀ ਇਹ ਲਹਿਰ ਹੋਰ ਵੀ ਪ੍ਰਚੰਡ ਹੁੰਦੀ ਨਜ਼ਰ ਆਉਣ ਲੱਗੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਨਾਲ ਕਾਰਪੋਰੇਟ ਘਰਾਣਿਆਂ ਨੂੰ ਸਬਕ ਸਿਖਾਉਣ ਲਈ ਅੰਡਾਨੀ ਅਤੇ ਅੰਬਾਨੀ ਕੰਪਨੀਆਂ ਦਾ ਬਾਈਕਾਟ ਦਾ ਸੱਦਾ ਦਿੱਤਾ ਗਿਆ, ਜਿਸ ਦੇ ਚੱਲਦਿਆਂ ਪਿੰਡ ਟੌਹੜਾ ਦੀ ਪੰਚਾਇਤ ਨੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਪ੍ਰੇਰਨਾ ਸਦਕਾ ਪਿੰਡ ਟੌਹੜਾ ਵਿਖੇ ਸਰਪੰਚ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਕਿਸਾਨ ਭਰਾਵਾਂ ਨੇ ਰਿਲਾਇੰਸ ਦੇ ਲੱਗੇ ਟਾਵਰ ਦਾ ਕੁਨੈਕਸ਼ਨ ਕੱਟ ਕੇ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਖੇਤੀ ਕਾਨੂੰਨਾਂ ਦਾ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਜੋ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ’ਤੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਮੰਦਹਾਲੀ ਦੇ ਦੌਰ ’ਚੋਂ ਲੰਘ ਰਹੀ ਹੈ ਅਤੇ ਕਿਸਾਨ ਭਰਾ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਦੇ ਲਾਗੂ ਕਰਕੇ ਕਿਸਾਨਾਂ ਨੂੰ ਬਰਬਾਦ ਤੇ ਕਿਸਾਨੀ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿਸਾਨ ਕਿਸੇ ਵੀ ਸੂਰਤ ’ਚ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਦੱਸਿਆ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਪਿੰਡ ਟੌਹੜਾ ਦੇ ਵਾਸੀ ਰਿਲਾਇੰਸ ਦੇ ਸਿਮ ਪੋਰਟ ਕਰਨਗੇ ਅਤੇ ਦੁਕਾਨਦਾਰ ਅੰਡਾਨੀ ਅਤੇ ਅੰਬਾਨੀ ਕਾਰਪੋਰੇਟ ਘਰਾਣਿਆਂ ਦੀ ਕਿਸੇ ਵਸਤੂ ਦੀ ਖਰੀਦੋ ਫਰੋਖਤ ਵੀ ਨਹੀਂ ਕਰਨਗੇ। ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਅੱਜ ਕਿਸਾਨ ਸੰਘਰਸ਼ ਨੂੰ ਹਰ ਵਰਗ ਦੀ ਹਮਾਇਤ ਅਤੇ ਸ਼ੋ੍ਰਮਣੀ ਕਮੇਟੀ ਵੀ ਆਪਣੇ ਫਰਜ਼ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸ਼ੋ੍ਰਮਣੀ ਕਮੇਟੀ ਵੱਲੋਂ ਲੰਗਰ ਸੇਵਾਵਾਂ ਅਤੇ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹਰ ਸੰਭਵ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਟੌਹੜਾ ਦੇ ਵਾਸੀਆਂ ਨੇ ਫੈਸਲਾ ਕੀਤਾ ਕਿ ਸ਼ਹੀਦੀ ਪੁਰਬ ਤੋਂ ਬਾਅਦ ਪਿੰਡ ਦਾ ਹਰ ਪਰਿਵਾਰਕ ਮੈਂਬਰ ਵਾਰੋ ਵਾਰੀ ਦਿੱਲੀ ਧਰਨੇ ’ਚ ਸ਼ਮੂਲੀਅਤ ਕਰੇਗਾ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਧਰਨੇ ’ਚ ਪਿੰਡ ਵਾਲਿਆਂ ਨੂੰ ਭੇਜਣ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਟੌਹੜਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਬਹਾਦਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਟੌਹੜਾ, ਨਿਰਮਲ ਸਿੰਘ ਡਾਇਰੈਕਟਰ ਕੋਆਪਰੇਟਿਵ ਸੁਸਾਇਟੀ ਟੌਹੜਾ, ਬਾਬਾ ਸੁਰਜੀਤ ਸਿੰਘ, ਰੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਾਬਾ ਪਰਉਪਕਾਰ ਸਿੰਘ ਸੇਵਾਦਾਰ, ਮਨਮੋਹਨ ਸਿੰਘ, ਸੰਤ ਸਿੰਘ, ਮੋਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਲਾਲੀ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ, ਬਲਵੀਰ ਸਿੰਘ, ਦਰਬਾਰਾ ਸਿੰਘ, ਬਿੰਦਰ ਸਿੰਘ, ਗੁਰਦਿਆਲ ਸਿੰਘ, ਮੁਖਤਿਆਰ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *