ਗੁਜਰਾਲ ਗਿਫਟ ਹਾਊਸ ਦੇ ਮਾਲਕ ਤੇ ਫਾਇਰਿੰਗ ਕਰਨ ਵਾਲਾ ਮੁੱਖ ਦੋਸ਼ੀ ਅਸਲੇ ਅਤੇ ਰੌਂਦ ਸਮੇਤ ਗਿ੍ਰਫ਼ਤਾਰ
ਪਟਿਆਲਾ, 29 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸੀਨੀਅਰ ਕਪਤਾਨ ਪੁਲਿਸ ਵਿਕਰਮ ਜੀਤ ਦੁੱਗਲ ਆਈ.ਪੀ.ਐਸ ਪਟਿਆਲਾ ਨੇ ਦੱਸਿਆ ਕਿ ਗੁਜਰਾਲ ਗਿਫਟ ਹਾਊਸ ਦੇ ਮਾਲਕ ਜਸਵਿੰਦਰ ਸਿੰਘ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਹਨੀ ਅਤੇ ਅਮਰਜੀਤ ਸਿੰਘ ਗੋਗੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦੋਸ਼ੀ ਹਰਪ੍ਰੀਤ ਸਿੰਘ ਹਨੀ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 10 ਰੌਂਦ 32 ਬੋਰ ਜਿੰਦਾ ਬਰਾਮਦ ਕੀਤੇ ਗਏ।
ਸ੍ਰੀ ਵਿਕਰਮ ਜੀਤ ਦੁੱਗਲ ਅੱਗੇ ਦੱਸਿਆ ਕਿ ਮੁਕੱਦਮਾ ਨੰਬਰ 343 ਮਿਤੀ 16/12/2020 ਅ/ਧ 307 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦੀ ਤਫ਼ਤੀਸ਼ ਦੌਰਾਨ ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਪੜਤਾਲ ਪਟਿਆਲਾ ਅਤੇ ਸ੍ਰੀ ਕਿ੍ਰਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ਼ ਪਟਿਆਲਾ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਇਸ ਵਾਰਦਾਤ ਵਿੱਚ ਇੰਦਰਪਾਲ ਸਿੰਘ ਉਰਫ ਇੰਦਰ , ਹਰਪ੍ਰੀਤ ਸਿੰਘ ਉਰਫ ਹਨੀ ਅਤੇ ਗੁਰਜੋਤ ਸਿੰਘ ਉਰਫ ਲੱਕੀ ਦੇ ਨਾਮ ਸਾਹਮਣੇ ਆਏ ਸਨ। ਜਿਨ੍ਹਾਂ ਵੱਲੋ ਇਸ ਵਾਰਦਾਤ ਸਮੇਂ ਬਰੀਜਾ ਗੱਡੀ ਪੀਬੀ-65ਏ ਕੇ-2170 ਰੰਗ ਚਿੱਟਾ ਦਾ ਇਸਤੇਮਾਲ ਕੀਤਾ ਗਿਆ ਸੀ। ਜੋ ਮਿਤੀ 22/12/2020 ਨੂੰ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਪੁੱਤਰ ਗੁਲਜੀਤ ਸਿੰਘ ਵਾਸੀ ਮਕਾਨ ਨੰਬਰ 2225 ਸੈਕਟਰ 22-ਸੀ ਚੰਡੀਗੜ੍ਹ ਨੂੰ, ਉਸ ਦੇ ਘਰ ਸੈਕਟਰ 22 ਸੀ ਚੰਡੀਗੜ੍ਹ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਸ਼ਾਮਿਲ ਰਹੇ ਗੁਰਜੋਤ ਸਿੰਘ ਉਰਫ ਲੱਕੀ ਪੁੱਤਰ ਰਘੁਵੀਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਕੁਰਾਲੀ ਜਿਲਾ ਰੋਪੜ ਨੂੰ ਪਿੰਡ ਚੱਕਲਾ ਜਿਲਾ ਰੋਪੜ ਤੋ ਮਿਤੀ 24/12/2020 ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਗੁਜਰਾਲ ਗਿਫਟ ਹਾਊਸ ਵਾਲੀ ਵਾਰਦਾਤ ਵਿੱਚ ਵਰਤੀ ਗਈ ਬਰੀਜਾ ਕਾਰ ਪੀਬੀ 65 ਏਕੇ-2170 ਸਮੇਤ ਜਾਅਲੀ ਨੰਬਰ ਪਲੇਟਾਂ (ਪੀਬੀ-65 ਏਸੀ-6396) ਵੀ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਦੀ ਨਿਸ਼ਾਨਦੇਹੀ ‘ਤੇ ਪਿੰਡ ਚੱਕਲਾ ਜਿਲਾ ਰੋਪੜ ਤੋ ਮਿਤੀ 24/12/2020 ਨੂੰ ਬਰਾਮਦ ਕੀਤੀ ਗਈ ਸੀ ।
ਐਸ.ਐਸ.ਪੀ. ਪਟਿਆਲਾ ਨੇ ਅੱਗੇ ਦੱਸਿਆ ਕਿ ਗਿ੍ਰਫਤਾਰ ਹੋਏ ਇੰਦਰਪਾਲ ਸਿੰਘ ਉਰਫ ਇੰਦਰ ਅਤੇ ਗੁਰਜੋਤ ਸਿੰਘ ਉਰਫ ਲੱਕੀ ਦੀ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇੰਦਰਪਾਲ ਸਿੰਘ ਜੋ ਕਿ ਸੈਕਟਰ 22 ਡੀ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪ੍ਰੰਤੂ ਕਿਸੇ ਕਾਰਨ ਲੜਕੀ ਦੇ ਪਰਿਵਾਰ ਵੱਲੋ ਇੰਦਰਪਾਲ ਸਿੰਘ ਉਰਫ ਇੰਦਰ ਦੇ ਪਰਿਵਾਰ ਨੂੰ ਵਿਆਹ ਲਈ ਹਾਮੀ ਨਹੀ ਭਰੀ ਸੀ ਤਾਂ ਇੰਦਰਪਾਲ ਸਿੰਘ ਉਰਫ ਇੰਦਰ ਨੇ ਵਿਆਹ ਨਾ ਕਰਨ ਦਾ ਕਾਰਨ ਲੱਭਣ ਲਈ ਲੜਕੀ ਦੀ ਫੇਸਬੁੱਕ ਵਿੱਚੋਂ ਇਸ ਦੇ ਸੰਪਰਕ ਵਿੱਚ ਆਏ ਜਸਵਿਦਰ ਸਿੰਘ ਦੇ ਬੇਟੇ ਬਾਰੇ ਘੋਖ ਕੀਤੀ ਤਾਂ ਲੜਕੀ ਦੇ ਫੇਸਬੁੱਕ ਵਿੱਚੋਂ ਇਸ ਨੂੰ ਪਤਾ ਲੱਗਾ ਕਿ ਆਪਸ ਵਿੱਚ ਚੰਗੇ ਦੋਸਤ ਹਨ, ਇਸੇ ਰੰਜਸ਼ ਕਾਰਨ ਦੋਸ਼ੀ ਇੰਦਰਪਾਲ ਸਿੰਘ ਉਰਫ ਇੰਦਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਦੌਰਾਨੇ ਤਫਤੀਸ਼ ਇੰਦਰਪਾਲ ਸਿੰਘ ਉਰਫ ਇੰਦਰ ਨੇ ਇਹ ਵੀ ਕਬੂਲ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਮੰਗ ਨੂੰ ਠੁਕਰਾਉਣ ਕਰਕੇ ਹੀ ਉਸ ਵੱਲੋ ਆਪਣੇ ਸਾਥੀ ਹਰਪ੍ਰੀਤ ਸਿੰਘ ਹਨੀ ਨਾਲ ਮਿਲਕੇ ਲੜਕੀ ਦੇ ਪਿਤਾ ‘ਤੇ ਮਿਤੀ 25/10/2020 ਨੂੰ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 180 ਮਿਤੀ 25/10/2020 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸੈਟਰਲ ਸੈਕਟਰ 17 ਚੰਡੀਗੜ੍ਹ (ਨਾ-ਮਾਲੂਮ ਵਿਅਕਤੀ ਖਿਲਾਫ) ਦਰਜ ਹੋਇਆ ਸੀ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤਪੁਰਾ ਜਿਲਾ ਮੋਹਾਲੀ ਨੂੰ ਪਿੰਡ ਸੰਗਤਪੁਰਾ ਜਿਲਾ ਮੋਹਾਲੀ ਤੋ ਅਤੇ ਅਮਰਜੀਤ ਸਿੰਘ ਗੋਗੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੱਕਲਾ ਜਿਲਾ ਰੋਪੜ ਨੂੰ ਪਿੰਡ ਚੱਕਲਾ ਤੋ ਐਸ.ਆਈ.ਹਰਿੰਦਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਨੇ ਮਿਤੀ 29/12/2020 ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰੀ ਦੋਰਾਨ ਦੋਸ਼ੀ ਹਰਪ੍ਰੀਤ ਸਿੰਘ ਹਨੀ ਉਕਤ ਪਾਸੋ ਇਕ 32 ਬੋਰ ਪਿਸਟਲ ਅਤੇ 10 ਰੌਂਦ ਜਿੰਦਾ 32 ਬੋਰ ਬਰਾਮਦ ਕੀਤੇ ਗਏ। ਹਰਪ੍ਰੀਤ ਸਿੰਘ ਉਰਫ ਹਨੀ ਨੇ ਆਪਣੀ ਪੁੱਛ ਗਿੱਛ ਦੌਰਾਨ ਮੰਨਿਆ ਕਿ ਚੰਡੀਗੜ੍ਹ ਵਾਲੀ ਵਾਰਦਾਤ ਵਿੱਚ ਦੋਸ਼ੀ ਇੰਦਰਪਾਲ ਸਿੰਘ ਇੰਦਰ ਦੇ ਕਹਿਣ ‘ਤੇ ਹੀ ਹਰਪ੍ਰੀਤ ਸਿੰਘ ਹਨੀ ਨੇ ਲੜਕੀ ਦੇ ਪਿਤਾ ‘ਤੇ ਫਾਇਰ ਕੀਤੇ ਸਨ ਅਤੇ ਗੁਜਰਾਲ ਗਿਫ਼ਟ ਹਾਊਸ ਵਾਲੀ ਵਾਰਦਾਤ ਵਿੱਚ ਵੀ ਦੋਸ਼ੀ ਇੰਦਰਪਾਲ ਸਿੰਘ ਇੰਦਰ ਦੇ ਕਹਿਣ ‘ਤੇ ਹੀ ਹਰਪ੍ਰੀਤ ਸਿੰਘ ਹਨੀ ਨੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ ‘ਤੇ ਫਾਇਰ ਕੀਤੇ ਸੀ ਜੋ ਅਸਲਾ ਨਾ ਚੱਲਣ ਕਾਰਨ ਬੱਚ ਗਿਆ ਸੀ ਅਤੇ ਇਸ ਵਾਰਦਾਤ ਵਿੱਚ ਅਮਰਜੀਤ ਸਿੰਘ ਗੋਗੀ ਨੇ ਇਨ੍ਹਾਂ ਨੂੰ ਅਸਲਾ ਲੈਣ ਵਿਚ ਮਦਦ ਕੀਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਸਲੇ ਸਬੰਧੀ ਅਤੇ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਤਫਤੀਸ਼ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

