ਪੰਜਾਬੀ ਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਟਿੱਕਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ
ਪਟਿਆਲਾ 20 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੇ ਦੂਸਰੇ ਕਾਫਲੇ ਨੇ ਅੱਜ ਟਿਕਰੀ ਬਾਡਰ ਪਹੁੰਚ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਹ ਕਾਫਲਾ ਅੱਜ ਸਵੇਰ ਪੰਜਾਬੀ ਯੁਨੀਵਰਸਿਟੀ ਕੈਂਪਸ ਤੋਂ ਪ੍ਰੋ. ਦਵਿੰਦਰ ਸਿੰਘ, ਡਾ ਹਰਜੋਧ ਸਿੰਘ ਅਤੇ ਡਾ ਬਲਰਾਜ ਸਿੰਘ ਦੀ ਅਗਵਾਈ ਵਿੱਚ ਚੱਲ ਕੇ ਟਿਕਰੀ ਬਾਰਡਰ ਪਹੁੰਚਾ।
ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਬੈਨਰ ਫੜੇ ਹੋਏ ਸਨ ਅਤੇ ਉਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਨਾਹਰੇਬਾਜ਼ੀ ਕੀਤੀ। ਇਸ ਮੌਕੇ ਉਨਾਂ ਨੇ ਕਿਸਾਨ ਰੈਲੀ ਵਿੱਚ ਜਾ ਕੇ ਆਗੂਆਂ ਦੇ ਵਿਚਾਰ ਸੁਣੇ ਅਤੇ ਵੱਖ ਵੱਖ ਆਗੂਆਂ ਨਾਲ ਵਿਚਾਰ-ਚਰਚਾ ਵੀ ਕੀਤੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਡਾ. ਹਰਜੋਧ ਸਿੰਘ ਨੇ ਦੱਸਿਆ ਕਿ ਟਿਕਰੀ ਬਾਰਡਰ ਲਈ ਕਾਫਲਾ ਰਵਾਨਾ ਹੋਣ ਤੋਂ ਪਹਿਲਾਂ ਡਾ. ਕੇਹਰ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਬੋਲਦਿਆ ਡਾ. ਬਲਕਾਰ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਪੰਜਾਬ ਹਰਿਆਣਾ ਜਾਂ ਯੂ.ਪੀ ਤਕ ਸੀਮਿਤ ਨਹੀਂ ਰਿਹਾ ਸਗੋਂ ਪੰਜਾਬ ਤੋਂ ਉੱਠੀ ਕਿਸਾਨੀ ਸੰਘਰਸ਼ ਦੀ ਆਵਾਜ਼ ਦੁਨੀਆਂ ਤੱਕ ਪਹੁੰਚ ਗਈ ਹੈ। ਇਸ ਮੌਕੇ ਪ੍ਰੋ. ਦਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਡਾ. ਬਲਰਾਜ ਸਿੰਘ ਨੇ ਆਖਿਆ ਕਿ ਕਿਸਾਨੀ ਸੰਘਰਸ਼ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਹਿੱਸਾ ਰਹੇ ਹਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਹੁਣ ਤਕ ਵੱਡੇ ਕਿਸਾਨੀ ਘੋਲ ਲੜੇ ਗਏ ਹਨ। ਇਹ ਸੰਘਰਸ਼ ਜਿੱਥੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਵੇਗਾ ਉੱਥੇ ਆਉਣ ਵਾਲੀਆਂ ਪੀੜੀਆਂ ਨੂੰ ਨਵੀਂ ਦਸ਼ਾ ਤੇ ਦਿਸ਼ਾ ਵੀ ਦੇਵੇਗਾ। ਇਸ ਕਿਸਾਨ ਅੰਦੋਲਨ ਵਿਚ ਗਏ ਜਥੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਸੇਵਾਮੁਕਤ ਅਧਿਆਪਕ, ਮੌਜੂਦਾ ਅਧਿਆਪਕ, ਅਤੇ ਰੀਸਰਚ ਸਕਾਲਰ ਸ਼ਾਮਲ ਹੋਏ। ਇਨਾਂ ਵਿੱਚ ਪ੍ਰੋ ਰਾਜ ਕੁਮਾਰ ਸ਼ਰਮਾ ਸਾਬਕਾ ਡਾਇਰੈਕਟਰ ਸਪੋਰਟਸ, ਡਾ ਦਵਿੰਦਰ ਕੁਮਾਰ ਸਿੰਗਲਾ ਪ੍ਰੋ. ਲਾਅ, ਡਾ. ਅੰਮਿ੍ਰਤਪਾਲ ਸਿੰਘ ਕਾਲੇਕੇ, ਹਰਭਜਨ ਸਿੰਘ ਕੋਚ, ਐਡਵੋਕੇਟ ਕੁਲਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਾਰੀ ਸੰਗਤ ਨੇ ਲੋਪੋ ਸੰਪਰਦਾਇ ਦੇ ਚਲਾਏ ਲੰਗਰਾਂ ਵਿੱਚ ਲੰਗਰ ਛਕਿਆ ਅਤੇ ਰਸਦ ਭੇਟ ਕੀਤੀ। ਡਾ. ਹਰਜੋਧ ਸਿੰਘ ਨੇ ਲੋਪੋ ਸੰਪ੍ਰਦਾਇ ਦੇ ਮੁਖੀ ਸੰਤ ਜਗਜੀਤ ਸਿੰਘ ਅਤੇ ਲੰਗਰ ਲਈ ਰਸਦ ਭੇਜਣ ਵਾਲਿਆ ਅਤੇ ਟਿਵਾਣਾ ਟ੍ਰੈਵਲਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਦੁੂਜੀ ਵਾਰ ਫ੍ਰੀ ਬੱਸ ਸੇਵਾ ਲਈ ਭੇਜੀ। ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਤੀਜੇ ਕਾਫਲਾ ਗਾਜੀਪੁਰ ਬਾਡਰ ਜਾਵੇਗਾ ਜਿਸ ਲਈ ਚਾਹਵਾਨ ਡਾ. ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਡਾ ਹਰਜੋਧ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਪੰਜਾਬੀ ਯੂਨੀਵਰਸਿਟੀ ਦਾ ਕਾਫਲਾ ਸਿੰਘੂ ਬਾਡਰ ਗਿਆ ਸੀ।

