ਪੰਜਾਬ ਸੂਬੇ ਅੰਦਰ ਸਨਾਤਨ ਧਰਮ ਦੀਆਂ ਸੰਪੱਤੀਆਂ ਤੇ ਹੋ ਰਹੇ ਨਜਾਇਜ ਕਬਜੇ।
ਚੰਡੀਗੜ, 20 ਮਾਰਚ (ਮਧੂਸਾਰ ਬਿਊਰੋ) ਪੰਜਾਬ ਸੂਬੇ ਅੰਦਰ ਸਨਾਤਨ ਧਰਮ ਦੀਆਂ ਸੰਪੱਤੀਆਂ ਤੇ ਨਜਾਇਜ ਕਬਜੇ ਲਗਾਤਾਰ ਹੋ ਰਹੇ ਹਨ। ਜਿਸਨੂੰ ਲੈਕੇ ਸੂਬੇ ਦੇ ਸਨਾਤਨੀ ਸੰਗਠਨਾਂ ਵੱਲੋਂ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ-ਮੰਤਰੀ ਹਰੀਸ਼ ਰਾਵਤ ਨਾਲ ਦਿੱਲੀ ਵਿਖੇ ਖਾਸ ਬੈਠਕ ਕੀਤੀ ਗਈ। ਜਿਸ ਦੌਰਾਨ ਸਨਾਤਨੀ ਹਿੰਦੂ ਸੰਗਠਨਾਂ ਵੱਲੋਂ ਸੂਬੇ ਅੰਦਰ ਸਨਾਤਨੀ ਸੰਪੱਤੀਆਂ ਨੂੰ ਕਬਜਾਮੁੱਕਤ ਕਰਵਾਊਣ ਲਈ ਵਿਸ਼ੇਸ਼ ਕਮੀਸ਼ਨ ਸਥਾਪਤ ਕਰਨ ਦੀ ਮੰਗ ਕੀਤੀ ਹੈ। ਜਿਸਨੂੰ ਲੈਕੇ ਸ਼੍ਰੀ ਰਾਵਤ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਇਸ ਵਿਸ਼ੇ ਬਾਬਤ ਮੁਲਾਕਾਤ ਕਰਨਗੇ। ਇਸੇ ਸੰਦਰਭ ’ਚ ਇੱਕ ਸਾਲਿਡ ਰੂਪਰੇਖਾ ਤਿਆਰ ਕੀਤੀ ਜਾਵੇਗੀ। ਜਿਸਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ-ਮੰਤਰੀ ਹਰੀਸ਼ ਰਾਵਤ ਨੂੰ ਜਾਣਕਾਰੀ ਦਿੰਦੇ ਹੋਏ ਸ਼ਿਰੋਮਣੀ ਮੰਦਰ ਪ੍ਰਬੰਧਕ ਕਮੇਟੀ-1867 ਦੇ ਮੀਤ ਪ੍ਰਧਾਨ ਹਰਸ਼ਵਰਧਨ ਸ਼ਰਮਾ ਅਤੇ ਮਾਲਵਾ ਪ੍ਰਾਂਤੀਯਾ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਕਰਨ ਅਵਤਾਰ ਕਪਿਲ ਨੇ ਦੱਸਿਆ ਕਿ ਪੰਜਾਬ ਦੇ ਤਕਰੀਬਨ ਹਰੇਕ ਜਿਲੇ ਅੰਦਰ ਹਿੰਦੂ ਸਨਾਤਨ ਧਰਮ ਨਾਲ ਸੰਬੰਧਤ ਹਜਾਰਾਂ ਏਕੜ ਸੰਪੱਤੀ ਹੈ। ਜਿਸਤੇ ਦੂਜੇ ਗੈਰ ਸਨਾਤਨੀ ਲੋਕਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ ਅਤੇ ਕਈ ਅਨਸਰ ਅਜੇ ਵੀ ਸਨਾਤਨੀ ਸੰਪੱਤੀਆਂ ਤੇ ਕਬਜਾ ਕਰਨ ਦੀ ਫਿਰਾਕ ਵਿੱਚ ਹਨ। ਉਹਨਾਂ ਇਹ ਵੀ ਦੱਸਿਆ ਹੈ ਕਿ ਸੂਬੇ ਅੰਦਰ ਸੰਗਰੂਰ, ਬਰਨਾਲਾ, ਬਠਿੰਡਾ, ਪਟਿਆਲਾ ਸਮੇਤ ਕਈ ਜਿਲਿਆਂ ਅੰਦਰ ਸਨਾਤਨੀ ਸੰਪੱਤੀਆਂ ਨੂੰ ਗੈਰ-ਸਨਾਤਨੀ ਤਾਕਤਾਂ ਪਾਸੋਂ ਕਬਜਾਮੁੱਕਤ ਕਰਵਾਊਣ ਲਈ ਸਨਾਤਨੀ ਅਤੇ ਹਿੰਦੂ ਸੰਸਥਾਵਾਂ ਦੇ ਆਗੂ ਪੁਲਿਸ ਥਾਣਿਆਂ ਅਤੇ ਅਦਾਲਤਾਂ ਦੇ ਸਾਲਾਂ ਤੋਂ ਚੱਕਰ ਲਾ ਰਹੇ ਹਨ। ਉਹਨਾ ਚਿੰਤਾ ਜਾਹਰ ਕਰਦਿਆਂ ਸਭਨਾਂ ਥਾਵਾਂ ਤੇ ਸੰਪੱਤੀਆਂ ਕਬਜਾਮੁਕਤ ਨਾ ਹੋਣ ਦਾ ਕਾਰਣ ਰਾਜਸੀ ਦਖਲਅੰਦਾਜੀ ਦੱਸਿਆ ਹੈ।
ਬੈਠਕ ਦੌਰਾਨ ਮੰਗ ਕੀਤੀ ਗਈ ਕਿ ਸੂਬੇ ਅੰਦਰ ਗੈਰ ਸਨਾਤਨੀ ਤਾਕਤਾਂ ਜਿਹਨਾਂ ਨੇ ਹਿੰਦੂ ਸਨਾਤਨੀ ਸੰਪੱਤੀਆਂ ਤੇ ਸਿੱਧੇ-ਅਸਿੱਧੇ ਤੌਰ ਤੇ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਸੰਪੱਤੀਆਂ ਨੂੰ ਕਬਜਾਮੁਕਤ ਕਰਵਾਊਣ ਲਈ ਸੂਬਾ ਸਰਕਾਰ ਵੱਲੋਂ ਸਪੈਸ਼ਲ ਕਮੀਸ਼ਨ ਬਣਾਇਆ ਜਾਵੇ ਅਤੇ ਸੂਬੇ ਅੰਦਰ ਜਿੰਨੀਆਂ ਵੀ ਪੀੜਤ ਸਨਾਤਨੀ ਸੰਸਥਾਵਾਂ ਹਨ ਉਨਾਂ ਨੂੰ ਨਾਲ ਲੈਕੇ ਸੰਬੰਧਤ ਜਿਲਿਆਂ ’ਚ ਤੈਨਾਤ ਡਿਪਟੀ ਕਮਿਸ਼ਨਰਾਂ ਪਾਸੋਂ ਸਨਾਤਨੀ ਸੰਪੱਤੀਆਂ ਦੀ ਸੂਚੀ ਤਿਆਰ ਕਰਵਾਊਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।

