ਪਟਿਆਲਾ

ਸਿਹਤ ਮੁਲਾਜ਼ਮਾਂ ਨੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ !

ਪਟਿਆਲਾ 18 ਅਪ੍ਰੈਲ (ਮਧੂਸਾਰ ਬਿਊਰੋ) ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ। ਇਸੇ ਸਿਲਸਿਲੇ ਵਿੱਚ ਅੱਜ ਐੱਨ.ਐੱਚ.ਐੱਮ. ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਦੇ ਈਸਰੂ ਭਵਨ ਵਿੱਚ ਹੋਈ।

ਮੀਟਿੰਗ ਦੌਰਾਨ ਸਰਕਾਰ ਦੇ ਖਿਲਾਫ਼ ਆਪਣਾ ਰੋਸ ਦੱਸਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਕੁੱਝ ਮੁੱਦਿਆਂ ਤੇ ਸਹਿਮਤੀ ਬਣਨ ਦੇ ਬਾਵਜੂਦ ਅੱਜ ਤੱਕ ਵਿਭਾਗ ਵੱਲੋਂ ਕੋਈ ਮੰਗ ਪ੍ਰਵਾਨ ਹੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਸਾਫ਼ ਜਾਹਿਰ ਹੈ ਕਿ ਸੂਬਾ ਸਰਕਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀ ਮੁਲਾਜ਼ਮਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ।
ਇਸ ਮੌਕੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਂਨ 80 ਪ੍ਰਤੀਸ਼ਤ ਮਹਿਲਾ ਮੁਲਾਜ਼ਮਾਂ ਕੰਮ ਕਰ ਰਹੀਆਂ ਹਨ; ਇਸ ਮਹਾਮਾਰੀ ਦੌਰਾਨ ਸਰਕਾਰ ਦੀਆਂ ਗਲਤ ਪੋਲਿਸੀਆਂ ਕਾਰਣ ਇਹਨਾਂ ਦੇ ਬੱਚੇ-ਪਰਿਵਾਰ ਪੂਰੀ ਤਰਾਂ੍ਹ ਰੁੱਲ ਗਏ ਹਨ। ਸੂਬੇ ਦੇ ਲੋਕਾਂ ਦੀ ਸਿਹਤ-ਸੰਭਾਲ ਲਈ ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ਵਿੱਚ ਅੱਗੇ ਹੋ ਕੇ ਲੜ ਰਹੇ ਇਹ ਮੁਲਾਜ਼ਮ ਆਏ ਦਿਨ ਆਪਣੀਆਂ ਜਾਨਾਂ ਗੁਆ ਰਹੇ ਹਨ, ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਪਰਿਵਾਰ ਤੇ ਵੀ ਮਹਾਮਾਰੀ ਦਾ ਖਤਰਾ ਆਮ ਲੋਕਾਂ ਤੋਂ ਕਈ ਗੁਣਾ ਵੱਧ ਹੈ। ਹੁਣ ਤੱਕ 500 ਤੋਂ ਵੱਧ ਮੁਲਾਜ਼ਮਾਂ ਨੂੰ ਕੋਰੋਨਾ ਹੋ ਚੁੱਕਾ ਹੈ ਅਤੇ ਕਈ ਮੁਲਾਜ਼ਮਾਂ ਦੀਆਂ ਮੌਤਾਂ ਵੀ ਹੋ ਗੱਈਆਂ ਹਨ।ਪਰ ਇਸ ਸੱਭ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ।
ਡਾ. ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਂਣ ਲਈ ਵੱਡੇ ਹੰਗਾਮੇ ਦੀ ਲੋੜ ਹੈ, ਇਸ ਲਈ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਚੇਤਾਵਨੀ ਦੇ ਤੌਰ ਤੇ ਮਿਤੀ 27-04-2021 ਨੂੰ ਮੁਕੰਮਲ ਕੰਮ ਬੰਦ ਕਰਕੇ ਜਿਲੇ ਪੱਧਰ ਤੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਇਸ ਸੰਘਰਸ਼ ਦੇ ਨਤੀਜੇ ਵਜੋਂ ਭਵਿੱਖ ਵਿੱਚ ਵਿਭਾਗ ਦਾ ਕੋਈ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਦੀ ਨਿਰੋਲ ਜਿੰਮੇਦਾਰੀ ਸਬੰਧਿਤ ਵਿਭਾਗੀ ਅਧਿਕਾਰੀਆਂ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਐਨ.ਐਚ.ਐਮ. ਇੰਪਲਾਈਜ਼ ਯੂਨੀਅਨ, ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਕੰਟਰੈਕਚੁਅਲ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ, ਆਯੂਸ਼ਮਾਨ ਪੰਜਾਬ, ਆਰ.ਬੀ.ਐਸ.ਕੇ. ਇੰਪਲਾਈਜ਼ ਐਸੋਸੀਏਸ਼ਨ, ਆਰ.ਐਨ.ਟੀ.ਸੀ.ਪੀ. ਕੰਟਰੈਕਚੁਅਲ ਇੰਪਲਾਈਜ਼ ਯੂਨੀਅਨ, ਸਾਂਝਾ ਮੋਰਚਾ ਲੈਬ ਟੈਕਨੀਸ਼ੀਅਨ ਯੂਨੀਅਨ, ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ, ਸੂਬਾ ਕਮੇਟੀ ਮੈਂਬਰ, ਵੱਖ-ਵੱਖ ਜਿਲਿਆਂ ਦੇ ਜਿਲਾ ਪ੍ਰਧਾਨ ਅਤੇ ਕੈਡਰ ਆਗੂ, ਜਸਵਿੰਦਰ ਕੌਰ, ਮਨਿੰਦਰ ਸਿੰਘ, ਅਰੁਣ ਦੱਤ, ਕਿਰਣਜੀਤ ਕੌਰ, ਰਮਨਜੀਤ ਕੌਰ, ਹਰਪਾਲ ਸੋਢੀ, ਮਨਪ੍ਰੀਤ ਸਿੰਘ, ਕਮਲਜੀਤ ਕੌਰ, ਡਾ. ਸੁਮਿਤ ਸੈਣੀ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *