ਪਟਿਆਲਾ

ਕੋਵਿਡ-19 ਦੀ ਲਾਗ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ !

ਰਾਤ ਦੇ ਕਰਫਿਊ ਦਾ ਸਮਾਂ ਤਬਦੀਲ, 30 ਅਪ੍ਰੈਲ ਤੱਕ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗੀ ਪਾਬੰਦੀ
ਪਟਿਆਲਾ, 20 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਨਵੇਂ ਫੈਸਲਿਆਂ ਨੂੰ ਪਟਿਆਲਾ ਜ਼ਿਲ੍ਹੇ ‘ਚ ਲਾਗੂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ 30 ਅਪ੍ਰੈਲ ਤੱਕ ਲਾਗੂ ਰਹਿਣ ਵਾਲੀਆਂ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 19 ਅਪ੍ਰੈਲ 2021 ਨੂੰ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਲਾਗੂ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਜ਼ਿਲ੍ਹੇ ‘ਚ ਸਾਰੀਆਂ ਬਾਰਾਂ, ਸਿਨੇਮਾ ਹਾਲ, ਸਪਾਅ, ਸਵਿਮਿੰਗ ਪੂਲਜ, ਕੋਚਿੰਗ ਸੈਂਟਰ ਤੇ ਖੇਡ ਕੰਪਲੈਕਸ ਬੰਦ ਰਹਿਣਗੇ। ਰੈਸਟੋਰੈਂਟਸ (ਹੋਟਲਾਂ ਦੇ ਵਿੱਚ ਵੀ) ਬੰਦ ਰਹਿਣਗੇ ਅਤੇ ਕੇਵਲ ਹੋਮ ਡਲਿਵਰੀ ਜਾਂ ਲਿਜਾ ਸਕਣ ਦੀ ਸੇਵਾ ਚਾਲੂ ਰਹੇਗੀ।
ਕੋਵਿਡ-19 ਕਰਕੇ ਲਾਗੂ ਰਾਤ ਦੇ ਕਰਫਿਊ ਦੇ ਸਮੇਂ ‘ਚ ਵੀ ਤਬਦੀਲੀ ਕੀਤੀ ਗਈ ਹੈ ਹੁਣ ਨਵੇਂ ਹੁਕਮਾਂ ਮੁਤਾਬਕ ਆਮ ਲੋਕਾਂ ਦੀ ਗ਼ੈਰਜ਼ਰੂਰੀ ਆਵਾਜਾਈ ਉਪਰ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਤਹਿਤ ਜ਼ਿਲ੍ਹੇ ਦੀ ਹਦੂਦ ਵਿੱਚ ਗ਼ੈਰ ਜ਼ਰੂਰੀ ਆਵਾਜਾਈ ਅਤੇ ਵਿਅਕਤੀਗਤ ਗਤੀਵਿਧੀਆਂ ਬੰਦ ਰਹਿਣਗੀਆਂ। ਜਦੋਂਕਿ ਉਦਯੋਗਾਂ ‘ਚ ਸਿਫ਼ਟਾਂ, ਸਰਕਾਰੀ ਤੇ ਗ਼ੈਰ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਆਵਾਜਾਈ ਤੋਂ ਇਲਾਵਾ ਰੇਲਾਂ, ਹਵਾਈ ਜਹਾਜਾਂ ਅਤੇ ਬੱਸਾਂ ‘ਚੋਂ ਉਤਰਕੇ ਆਪਣੇ ਟਿਕਾਣਿਆਂ ‘ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਛੋਟ ਹੋਵੇਗੀ।
ਜ਼ਿਲ੍ਹੇ ਅੰਦਰ ਸਮੇਤ ਵਿਆਹਾਂ ਤੇ ਅੰਤਿਮ ਸੰਸਕਾਰਾਂ ਆਦਿ ਵਿੱਚ 20 ਵਿਅਕਤੀਆਂ ਤੋਂ ਵਧੇਰੇ ਕਿਸੇ ਵੀ ਇਕੱਠ ਦੀ ਇਜ਼ਾਜਤ ਨਹੀਂ ਹੋਵੇਗੀ, ਹਰੇਕ ਉਸ ਇਕੱਠ ਜਿਸ ‘ਚ 10 ਤੋਂ ਵੱਧ ਵਿਅਕਤੀ ਇਕੱਠੇ ਹੋਣਗੇ, ਲਈ ਪ੍ਰਵਾਨਗੀ ਦੀ ਲੋੜ ਹੋਵੇਗੀ, ਮਿ੍ਰਤਕ ਪ੍ਰਾਣੀ ਦੇ ਅੰਤਿਮ ਸਸਕਾਰ ਲਈ ਪ੍ਰਵਾਨਗੀ ਤੋਂ ਛੋਟ ਹੋਵੇਗੀ।
ਜਿਹੜਾ ਵਿਅਕਤੀ ਵੀ ਕਿਤੇ ਕਿਸੇ ਵੱਡੇ ਇਕੱਠ (ਸਿਆਸੀ ਜਾਂ ਧਾਰਮਿਕ) ‘ਚ ਸ਼ਾਮਲ ਹੋ ਕੇ ਆਇਆ ਹੋਵੇ, ਉਸ ਲਈ 5 ਦਿਨਾਂ ਦਾ ਇਕਾਂਤਵਾਸ ਲਾਜਮੀ ਹੋਵੇਗਾ ਅਤੇ ਉਸਨੂੰ ਕੋਵਿਡ ਪ੍ਰੋਟੋਕਾਲ ਮੁਤਾਬਕ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਉਣਾ ਪਵੇਗਾ। ਜਨਤਕ ਟ੍ਰਾਂਸਪੋਰਟ ਬੱਸਾਂ, ਟੈਕਸੀਆਂ ਆਦਿ ‘ਚ ਸਵਾਰੀਆਂ ਦੇ ਬੈਠਣ ਦੀ ਸਮਰੱਥਾਂ ਵੀ 50 ਫੀਸਦੀ ਤੱਕ ਸੀਮਤ ਕੀਤੀ ਗਈ ਹੈ।
ਸਾਰੇ ਮਾਲਜ਼, ਮਾਰਕੀਟ, ਦੁਕਾਨਾਂ ਅਤੇ ਰੈਸਟੋਰੈਂਟ (ਹੋਟਲਾਂ ਦੇ ਵਿੱਚ ਵੀ), ਜਰੂਰੀ ਸੇਵਾਵਾਂ ਨੂੰ ਛੱਡ ਕੇ ਐਤਵਾਰ ਨੂੰ ਬੰਦ ਰਹਿਣਗੇ ਅਤੇ ਸਾਰੀਆਂ ਹਫ਼ਤਾਵਾਰੀ ਮਾਰਕੀਟ ਵੀ ਬੰਦ ਰਹਿਣਗੀਆਂ। ਭਰਤੀਆਂ ਸਬੰਧੀ ਸਾਰੇ ਇਮਿਤਹਾਨ ਅਗਲੇ ਹੁਕਮਾਂ ਤੱਕ ਮੁਲਤਵੀ ਹੋਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਸਾਰੇ ਸਰਕਾਰੀ ਤੇ ਨਿਜੀ ਦਫ਼ਤਰਾਂ ਵਿਖੇ ਕੰਮ ਕਰਦੇ ਸਿਹਤ, ਫਰੰਟ ਲਾਈਨ ਕਾਮੇ ਅਤੇ ਮੁਲਾਜਮਾਂ, ਜਿਹੜੇ ਕਿ 45 ਸਾਲ ਤੋਂ ਵੱਧ ਉਮਰ ਦੇ ਹੋਣ, ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ। ਜਿਨ੍ਹਾਂ ਨੇ ਟੀਕਾ ਨਾ ਲਗਵਾਇਆ ਹੋਵੇ, ਉਨ੍ਹਾਂ ਨੂੰ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲੈਕੇ ਆਉਣ ‘ਤੇ ਹੀ ਦਫ਼ਤਰ ਆਉਣ ਦੀ ਆਗਿਆ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰਾਂ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ‘ਚ ਜਰੂਰੀ ਇਹਤਿਆਤ ਵਰਤੇ ਜਾਣ, ਜਿਨ੍ਹਾਂ ‘ਚ 6 ਫੁਟ ਦੀ ਸਮਾਜਿਕ ਦੂਰੀ ਤੇ ਮਾਸਕ ਪਾਕੇ ਰੱਖੇ ਜਾਣੇ ਯਕੀਨੀ ਬਣਾਈ ਜਾਣ। ਭੀੜ-ਭੜੱਕੇ ਵਾਲੇ ਸਥਾਨਾਂ ‘ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਜਿਆਦਾ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਇਆ ਜਾਵੇ। ਇਸ ਤੋਂ ਬਿਨ੍ਹਾਂ ਜਨਤਕ ਕੰਮ ਵਾਲੇ ਸਥਾਨਾਂ ‘ਤੇ ਮਾਸਕ ਪਾਉਣੇ, ਜਨਤਕ ਥਾਵਾਂ ‘ਤੇ ਨਾ ਥੁੱਕਣ ਅਤੇ ਸਮੇਂ-ਸਮੇਂ ‘ਤੇ ਹੱਥ ਸਾਬਣ ਨਾਲ ਧੋਣ ਜਾਂ ਸੈਨੇਟਾਈਜ ਕਰਨੇ ਵੀ ਯਕੀਨੀ ਬਣਾਏ ਜਾਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 1860 ਦੀਆਂ ਧਾਰਾਵਾਂ 51 ਤੋਂ 60 ਤੱਕ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *