ਦੇਸ਼-ਵਿਦੇਸ਼ਪੰਜਾਬ

ਲੌਕਡਾਊਨ ਲਾਉਣ ’ਤੇ ਵਿਚਾਰ ਕਰ ਲੈਣ ਕੇਂਦਰ ਤੇ ਸੂਬਾ ਸਰਕਾਰਾਂ : ਸੁਪਰੀਮ ਕੋਰਟ !

ਗਰੀਬ ਆਦਮੀ ਦੀਆਂ ਲੋੜਾਂ ਦਾ ਖਿਆਲ ਰੱਖਿਆ ਜਾਵੇ: ਸੁਪਰੀਮ ਕੋਰਟ
ਨਵੀਂ ਦਿੱਲੀ, 3 ਮਈ (ਮਧੂਸਾਰ ਬਿਊਰੋ) ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ’ਚ ਆਏ ਵੱਡੇ ਉਛਾਲ ਤੋਂ ਫਿਕਰਮੰਦ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਵਾਇਰਸ ਦੀ ਦੂਜੀ ਲਹਿਰ ਨੂੰ ਠੱਲ੍ਹਣ ਲਈ ‘ਲੌਕਡਾਊਨ’ ਲਾਉਣ ’ਤੇ ਵਿਚਾਰ ਕਰ ਸਕਦੀਆਂ ਹਨ।
ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਆਪਣੇ ਮੁੱਖ ਸਕੱਤਰਾਂ ਅਤੇ ਪੁਲੀਸ ਮੁਖੀਆਂ ਨੂੰ ਇਹ ਸੂਚਿਤ ਕਰੇ ਕਿ ਕਰੋਨਾ ਸਬੰਧੀ ਸੋਸ਼ਲ ਮੀਡੀਆ ਉੱਤੇ ਜਾਣਕਾਰੀ ’ਤੇ ਰੋਕ ਲਾਉਣ ਜਾਂ ਕਿਸੇ ਵੀ ਮੰਚ ਰਾਹੀਂ ਮਦਦ ਮੰਗਣ ਵਾਲੇ ਵਿਅਕਤੀਆਂ ਦਾ ਸ਼ੋਸ਼ਣ ਕਰਨ ਖਿਲਾਫ਼ ਸਜਾਯੋਗ ਕਾਰਵਾਈ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਹਾਲਾਂਕਿ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਜੇਕਰ ਕੇਂਦਰ ਤੇ ਸੂਬੇ ਲੌਕਡਾਊਨ ਲਾਉਣ ਬਾਰੇ ਫੈਸਲਾ ਕਰਦੇ ਹਨ ਤਾਂ ਇਹ ਜਰੂਰ ਯਕੀਨੀ ਬਣਾ ਲੈਣ ਕਿ ਗਰੀਬ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੂਰੇ ਇੰਤਜਾਮ ਹੋਣ।

ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਜਰੂਰੀ ਸੇਵਾਵਾਂ ਤੇ ਸਪਲਾਈ ਨੂੰ ਯਕੀਨੀ ਬਣਾਉਣ ਨਾਲ ਸਬੰਧਤ ਕੇਸ ਦਾ ਆਪੂ ਨੋਟਿਸ ਲੈਂਦਿਆਂ ਪਾਸ ਕੀਤੇ ਹੁਕਮਾਂ ’ਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਤੇ ਭਵਿੱਖੀ ਯਤਨਾਂ ਨੂੰ ਰਿਕਾਰਡ ’ਤੇ ਰੱਖਣ ਤਾਂ ਕਿ ਇਸ ਰੋਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕੋਵਿਡ-19 ਕੀਮਤ ਨੀਤੀ ’ਤੇ ਮੁੜ ਤੋਂ ਵਿਚਾਰ ਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਪਹਿਲੀ ਨਜਰੇ ਇਸ ’ਚ ਲੋਕ ਸਿਹਤ ਦੇ ਅਧਿਕਾਰ ਲਈ ਨੁਕਸਾਨਦਾਇਕ ਨਤੀਜੇ ਹੋਣਗੇ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਜਸਟਿਸ ਐੱਸ ਰਵਿੰਦਰ ਭੱਟ ਦੇ ਬੈਂਚ ਨੇ ਕਿਹਾ ਕਿ ਮੌਜੂਦਾ ਸਮੇਂ ਨਿਰਮਾਤਾਵਾਂ ਨੇ ਦੋ ਵੱਖ ਵੱਖ ਕੀਮਤਾਂ ਦਾ ਸੁਝਾਅ ਦਿੱਤਾ ਹੈ। ਇਸ ਤਹਿਤ ਕੇਂਦਰ ਲਈ ਘੱਟ ਕੀਮਤ ਤੇ ਸੂਬਾ ਸਰਕਾਰਾਂ ਨੂੰ ਟੀਕਿਆਂ ਦੀ ਖਰੀਦ ਲਈ ਵੱਧ ਕੀਮਤ ਦੇਣੀ ਪਵੇਗੀ। ਸਿਖਰਲੀ ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਨਿਰਮਾਤਾਵਾਂ ਨੂੰ ਖਿੱਚਣ ਦੇ ਨਾਂ ’ਤੇ ਨਿਰਮਾਤਾਵਾਂ ਨਾਲ ਗੱਲਬਾਤ ਲਈ ਮਜਬੂਰ ਕਰਨ ਨਾਲ ਟੀਕਾਕਰਨ ਵਾਲੇ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਗੰਭੀਰ ਨਤੀਜੇ ਨਿਕਲਣਗੇ। ਬੈਂਚ ਨੇ ਕਿਹਾ ਕਿ ਆਬਾਦੀ ਦੇ ਹੋਰਨਾਂ ਗਰੁੱਪਾਂ ਦੀ ਤਰ੍ਹਾਂ ਇਸ ਉਮਰ ਵਰਗ ’ਚ ਵੀ ਉਹ ਲੋਕ ਸ਼ਾਮਲ ਹਨ ਜੋ ਬਹੁਜਨ ਹਨ ਜਾਂ ਦਲਿਤ ਤੇ ਹਾਸ਼ੀਏ ’ਤੇ ਆਏ ਗਰੁੱਪਾਂ ਨਾਲ ਸਬੰਧਤ ਹਨ। ਹੋ ਸਕਦਾ ਹੈ ਕਿ ਉਨ੍ਹਾਂ ਕੋਲ ਭੁਗਤਾਨ ਕਰਨ ਦੀ ਸਮਰੱਥਾ ਨਾ ਹੋਵੇ।

Leave a Reply

Your email address will not be published. Required fields are marked *