ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵੱਲੋਂ ਨਾਭਾ ਦੇ ਪਿੰਡ ਫ਼ੈਜਗੜ੍ਹ ਦਾ ਦੌਰਾ
-ਮਾਮਲੇ ਦੀ ਪੜਤਾਲ ਲਈ ਐਸ.ਡੀ.ਐਮ. ਦੀ ਅਗਵਾਈ ਹੇਠ ਸਿਟ ਦਾ ਗਠਨ
ਨਾਭਾ, 5 ਮਈ (ਮਧੂਸਾਰ ਬਿਊਰੋ) ਨਾਭਾ ਦੇ ਪਿੰਡ ਫ਼ੈਜਗੜ੍ਹ ਵਿਖੇ ਐਸ.ਸੀ. ਭਾਈਚਾਰੇ ਦੇ ਮੈਂਬਰ ਜਸਵੰਤ ਕੌਰ ਵਿਧਵਾ ਜੋਗਿੰਦਰ ਸਿੰਘ ਤੇ ਉਸਦੇ ਪੁੱਤਰ ਜਗਪਾਲ ਸਿੰਘ ਵੱਲੋਂ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਦੁਰਵਿਵਹਾਰ ਕਰਨ, ਜਾਤੀ ਸੂਚਕ ਸ਼ਬਦ ਬੋਲਣ, ਗੁੁਹਾਰੇ ਢਾਹੁਣ ਆਦਿ ਦੇ ਦੋਸ਼ਾਂ ਸਬੰਧੀਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ ਦੀ ਪੜਤਾਲ ਲਈ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਭਦਿਆਲ ਨੇ ਅੱਜ ਪਿੰਡ ਵਿਖੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ।
ਮੈਂਬਰ ਸ੍ਰੀ ਪ੍ਰਭਦਿਆਲ ਨੇ ਇਸ ਮਾਮਲੇ ‘ਚ ਸ਼ਿਕਾਇਤ ਕਰਤਾ ਧਿਰ ਤੇ ਦੂਜੀ ਧਿਰ ਦੇ ਬਿਆਨ ਦਰਜ ਕੀਤੇ ਅਤੇ ਅਗਲੇਰੀ ਪੜਤਾਲ ਲਈ ਇੱਕ ਸਿਟ ਦਾ ਗਠਨ ਕੀਤਾ। ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਰਾਜੇਸ਼ ਛਿੱਬੜ ‘ਤੇ ਅਧਾਰਤ ਜਾਂਚ ਟੀਮ ਨੂੰ ਆਦੇਸ਼ ਦਿੱਤੇ ਕਿ ਪੜਤਾਲੀਆ ਰਿਪੋਰਟ ਕਮਿਸ਼ਨ ਕੋਲ ਸਮੇਂ ਸਿਰ ਪੁੱਜਦੀ ਕੀਤੀ ਜਾਵੇ।
ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨੇ ਨਾਭਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਮਸਲੇ ‘ਤੇ ਚਰਚਾ ਵੀ ਕੀਤੀ ਅਤੇ ਕਿਹਾ ਕਿ ਪੀੜਤ ਨੂੰ ਨਿਆਂ ਦਿਵਾਇਆ ਜਾਵੇਗਾ।
ਮੈਂਬਰ ਸ੍ਰੀ ਪ੍ਰਭਦਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਲਈ ਪਿੰਡ ਦੀ ਮਹਿਲਾ ਜਸਵੰਤ ਕੌਰ ਨੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਕੋਲ ਦਰਖਾਸਤ ਦਿੱਤੀ ਸੀ, ਕਿ ਪਿੰਡ ਵਾਸੀ ਜਸਵੰਤ ਸਿੰਘ ਆਦਿ ਤੇ ਹੋਰ ਵਿਅਕਤੀ ਉਨ੍ਹਾਂ ਨਾਲ ਮਾੜਾ ਵਿਵਹਾਰ ਕਰ ਰਹੇ ਹਨ, ਜਿਸ ‘ਤੇ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ।
ਮੈਂਬਰ ਨੇ ਦੱਸਿਆ ਕਿ ਇਸ ‘ਤੇ ਚੇਅਰਪਰਸਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਮੀਨੀ ਹਕੀਕਤ ਜਾਣਨ ਲਈ ਉਨ੍ਹਾਂ ਦੀ ਜਿੰਮੇਵਾਰੀ ਲਗਾਈ ਅਤੇ ਉਨ੍ਹਾਂ ਨੇ ਇੱਥੇ ਪੁੱਜ ਕੇ ਸ਼ਿਕਾਇਤ ਕਰਤਾ ਧਿਰ, ਦੂਜੀ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਚੇਅਰਪਰਸਨ ਦੇ ਸਨਮੁੱਖ ਪੇੇਸ਼ ਕੀਤੀ ਜਾਵੇਗੀ। ਸ੍ਰੀ ਪ੍ਰਭਦਿਆਲ ਨੇ ਕਿਹਾ ਕਿ ਇਸ ਮਾਮਲੇ ‘ਚ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਬੀਡੀਪੀਓ ਪ੍ਰਵੇਸ਼ ਗੋਇਲ, ਨਾਇਬ ਤਹਿਸੀਲਦਾਰ ਭੀਮ ਸੈਨ, ਐਸ.ਐਚ.ਓ. ਥਾਣਾ ਸਦਰ ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

