ਪੰਜਾਬੀ ’ਵਰਸਿਟੀ ’ਚ ਕੈਂਪ ਦੌਰਾਨ ਲੱਗੇ ਕਰੋਨਾ ਟੀਕੇ !
ਪਟਿਆਲਾ 6 ਮਈ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਭਾਈ ਘਨੱਈਆ ਹੈਲਥ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਸਿਵਲ ਸਰਜਨ ਪਟਿਆਲਾ ਦੇ ਸਹਿਯੋਗ ਨਾਲ ਮਿਤੀ 6 ਮਈ, 2021 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕੋਰੋਨਾ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ 45 ਸਾਲ ਤੋਂ ਵੱਧ ਉਮਰ ਦੇ ਲੱਗਭਗ 200 ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਲਗਾਈ ਗਈ। ਇਸ ਕੈਂਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵਲੋਂ ਕੀਤਾ ਗਿਆ ।ਇਸ ਕੈਂਪ ਦੌਰਾਨ ਸਿਵਲ ਸਰਜਨ ਪਟਿਆਲਾ, ਡਾ. ਸਤਿੰਦਰ ਸਿੰਘ, ਟੀਕਾਕਰਣ ਬਾਰੇ ਜਿਲ੍ਹਾ ਅਫ਼ਸਰ ਡਾ. ਵੇਨੂ ਗੋਇਲ ਅਤੇ ਮਹਾਮਾਰੀ ਮਾਮਲਿਆਂ ਨਾਲ ਸੰਬੰਧਤ ਜਿਲ੍ਹਾ ਅਧਿਕਾਰੀ ਡਾ. ਸੁਮਿਤ ਖਾਸ ਤੌਰ ਤੇ ਪਹੁੰਚੇ।
ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੋਵਿਡ 19 ਤੋਂ ਬਚਾਉ ਸੰਬੰਧੀ ਚੁੱਕੇ ਗਏ ਕਦਮਾ ਨੂੰ ਲੈ ਕੇ ਖੁਸ਼ੀ ਅਤੇ ਸੰਤੁਸ਼ਟੀ ਜਾਹਿਰ ਕੀਤੀ। ਉਹਨ੍ਹਾਂ ਨੇ ਉਚੇਚੇ ਤੌਰ ਤੇ ਭਾਈ ਘਨੱਈਆ ਹੈਲਥ ਸੈਂਟਰ ਅਤੇ ਹੈਲਥ ਸੈਂਟਰ ਦੇ ਇੰਚਾਰਜ ਐਸ.ਐਮ.ੳ. ਡਾ.ਰੇਗੀਨਾ ਮੈਨੀ ਦੀ ਸਲਾਘਾ ਕੀਤੀ । ਉਹਨ੍ਹਾਂ ਨੇ ਸਿਵਲ ਸਰਜਨ ਪਟਿਆਲਾ ਦਾ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ । ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਰਿਵਾਰ ਦਾ ਸੰਪੂਰਨ ਟੀਕਾਕਰਣ ਕਰਵਾ ਦਿੱਤਾ ਜਾਵੇਗਾ ਤਾਂ ਜੋ ਪੰਜਾਬੀ ਯੂਨੀਵਰਸਿਟੀ ਪਰਿਵਾਰ ਬੜੇ ਵਿਸ਼ਵਾਸ਼ ਅਤੇ ਬਿਨ੍ਹਾਂ ਡਰ ਤੋਂ ਕੰਮ ਕਾਜ ਕਰ ਸਕੇ।
ਡਾ. ਸਤਿੰਦਰ ਸਿੰਘ, ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਹਰ ਵਿਅਕਤੀ ਜੋ 45 ਸਾਲ ਤੋਂ ਉਪਰ ਹੈ, ਉਸਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਗੇ ਆ ਕੇ ਟੀਕਾਕਰਣ ਕਰਵਾਉਣਾ ਜਰੂਰੀ ਹੈ।
ਡਾ. ਰੇਗੀਨਾ ਮੈਨੀ, ਐਸ.ਐਮ.ੳ ਭਾਈ ਘਨੱਈਆ ਹੈਲਥ ਸੈਂਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫਤਰ, ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਅਧਿਕਾਰੀਆਂ, ਕਰਮਚਾਰੀਆਂ ਅਤੇ ਫੈਕਲਟੀ ਦੀ ਟੀਕਾਕਰਣ ਕੀਤਾ ਗਿਆ ਹੈ। ਉਹਨ੍ਹਾਂ ਨੇ ਕੈਂਪ ਦਾ ਆਯੋਜਨ ਕਰਨ ਲਈ ਸਿਵਲ ਸਰਜਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਉਹਨ੍ਹਾਂ ਨੇ ਸਿਹਤ ਕੇਂਦਰ ਦੇ ਸਮੂਹ ਸਟਾਫ ਦਾ ਉਨ੍ਹਾਂ ਦੇ ਸਹਿਯੋਗ ਅਤੇ ਸਮੁੱਚੇ ਪੰਜਾਬੀ ਯੂਨੀਵਰਸਿਟੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੂਜਾ ਮੁਫਤ ਟੀਕਾਕਰਣ ਕੈਂਪ ਹੈ। ਯੂਨੀਵਰਸਿਟੀ ਵਿੱਚ ਪਹਿਲਾਂ ਤਿੰਨ ਸੈਂਪਲਿੰਗ ਕੈਂਪ ਵੀ ਲਗਾਏ ਜਾ ਚੁੱਕੇ ਹਨ।
ਉਹਨ੍ਹਾਂ ਨੇ ਕਿਹਾ ਕਿ ਇਹ ਕੈਂਪ ਮਾਨਯੋਗ, ਵਾਇਸ ਚਾਂਸਲਰ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਸੀ। ਜਦੋਂ ਉਹ ਯੂਨੀਵਰਸਿਟੀ ਵਿੱਚ ਹਾਜ਼ਰ ਹੋਏ, ਉਹਨ੍ਹਾਂ ਨੇ ਟੀਕਾਕਰਣ ਕਰਵਾਉਣ ਲਈ ਯੂਨੀਵਰਸਿਟੀ ਦੇ ਕਰਮਚਾਰੀਆਂ ਅਤੇ ਫੈਕਲਟੀ ਨੂੰ ਪ੍ਰੇਰਿਤ ਕਰਨ ਵਿੱਚ ਨਿੱਜੀ ਦਿਲਚਸਪੀ ਲਈ। ਡਾ. ਰੇਗੀਨਾ ਮੈਨੀ ਨੇ ਮਾਨਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੈਲਥ ਸੈਂਟਰ ਦਾ ਹਮੇਸ਼ਾ ਹੌਸਲਾ ਵਧਾਉਦੇੇ ਹਨ ਅਤੇ ਹਮੇਸ਼ਾ ਸਹਾਇਤਾ ਕਰਨ ਵਿੱਚ ਅੱਗੇ ਰਹਿੰਦੇ ਹਨ। ਇਹ ਵੈਕਸਿਨੇਸ਼ਨ ਕੈਂਪ ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਦੀ ਯੋਗ ਅਗਵਾਈ ਅਤੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਉਹਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਵੈਕਸੀਨੇਸ਼ਨ ਕੈਂਪ ਜਲਦ ਲਗਾਇਆ ਜਾਵੇਗਾ ।

