ਪਟਿਆਲਾ

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਦੋ ਨਵੇਂ ਮੈਂਬਰਾਂ ਜਸਕਿਰਨ ਸਿੰਘ ਤੇ ਡਾ. ਮਨਪ੍ਰੀਤ ਛਤਵਾਲ ਨੇ ਅਹੁਦੇ ਸੰਭਾਲੇ

ਪਟਿਆਲਾ, 6 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਬਣੇ ਦੋ ਮੈਂਬਰਾਂ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਸ. ਜਸਕਿਰਨ ਸਿੰਘ ਅਤੇ ਡਾ. ਮਨਪ੍ਰੀਤ ਛਤਵਾਲ ਨੇ 4 ਮਈ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਕੋਲੋਂ ਆਨਲਾਈਨ ਸਮਾਰੋਹ ਦੌਰਾਨ ਸਹੁੰ ਚੁਕਣ ਤੋਂ ਬਾਅਦ ਅੱਜ ਪੀ.ਪੀ.ਐਸ.ਸੀ. ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਆਪਣੇ ਅਹੁਦੇ ਸੰਭਾਲ ਲਏ ਹਨ। ਇਸ ਮੌਕੇ ਸ. ਜਸਕਿਰਨ ਸਿੰਘ ਤੇ ਡਾ. ਮਨਪ੍ਰੀਤ ਛਤਵਾਲ ਨੇ ਕਿਹਾ ਕਿ ਉਹ ਆਪਣੇ ਸੰਵਿਧਾਨਕ ਅਹੁਦੇ ਦੀ ਮਾਣ ਮਰਿਆਦਾ ਕਾਇਮ ਰੱਖਦੇ ਹੋਏ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਲੈਫ. ਜਨਰਲ (ਸੇਵਾ ਮੁਕਤ) ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣਗੇ।

ਜਿਕਰਯੋਗ ਹੈ ਕਿ ਭਾਰਤੀ ਸੈਨਾ ਦੇ ਪਿਛੋਕੜ ਵਾਲੇ ਅਤੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਸ. ਜਸਕਿਰਨ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ, ਕਪੂਰਥਲਾ ਅਤੇ ਸੰਗਰੂਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾ ਨਿਭਾਈ ਬਾਅਦ ‘ਚ ਉਹ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਰਹੇ।
ਇਸ ਤੋਂ ਬਿਨ੍ਹਾਂ ਸ. ਜਸਕਿਰਨ ਸਿੰਘ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੀ ਰਹੇ ਅਤੇ ਬਾਅਦ ‘ਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੈਜਿੰਗ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ। ਉਹ ਪਟਿਆਲਾ ਦੇ ਮਾਡਰਨ ਸਕੂਲ, ਸਰਕਾਰੀ ਮਹਿੰਦਰਾ ਕਾਲਜ ਤੇ ਕਾਨੂੰਨ ਦੀ ਪੜ੍ਹਾਈ ‘ਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਰਹੇ ਹਨ। ਇਸੇ ਤਰ੍ਹਾਂ ਡਾ. ਮਨਪ੍ਰੀਤ ਛਤਵਾਲ ਪੇਸ਼ੇ ਵਜੋਂ ਡਾਕਟਰ ਹਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ‘ਚ ਬਤੌਰ ਪੀ.ਸੀ.ਐਮ.ਐਸ. ਡਾਕਟਰ ਸੇਵਾ ਨਿਭਾ ਚੁੱਕੇ ਹਨ।

Leave a Reply

Your email address will not be published. Required fields are marked *