ਪੰਜਾਬਪਟਿਆਲਾ

ਲਾਕਡਾਊਨ : ਮੋਟਾ ਹਲਵਾਈ ਮਹਿਲ ’ਚੋਂ ਕਿਸ ਦੇ ਇਸ਼ਾਰੇ ’ਤੇ ਖੋਲ੍ਹਦਾ ਦੁਕਾਨ !

ਮਹਿਲ ਤੋਂ ਕਰਵਾਇਆ ਫੋਨ ਖੁੱਲ੍ਹੀ ਰਹਿਣ ਦਿਓ ਦੁਕਾਨ !
ਸ਼ਰੇਆਮ ਪੂੜੀਆਂ-ਛੋਲੇ ਖੁਆ ਕੇ ਕਰਦਾ ਭੀੜ ਇਕੱਠੀ, ਵੰਡਦਾ ਕਰੋਨਾ

ਪਟਿਆਲਾ 8 ਮਈ (ਮਧੂਸਾਰ ਬਿਊਰੋ) ਕਰੋਨਾ ਮਹਾਂਮਾਰੀ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੇ ਅੱਡੀ ਚੱਕ ਕੇ ਜ਼ੋਰ ਲਗਾਇਆ ਹੋਇਆ ਹੈ, ਉਥੇ ਹੀ ਪ੍ਰਸ਼ਾਸਨਕ ਹਦਾਇਤਾਂ ਦੀ ਉਲੰਘਣਾ ਵੀ ਸ਼ਰੇਆਮ ਹੁੰਦੀ ਵਿਖਾਈ ਦਿੰਦੀ ਹੈ। ਪੁਲਿਸ ਕਰਮਚਾਰੀ ਦੁਕਾਨਾਂ ਬੰਦ ਕਰਵਾਉਂਦੇ ਹਨ, ਦੂਜੇ ਪਾਸੇ ਸੀ.ਐਮ. ਸਿਟੀ ਦੇ ਵਪਾਰੀ ਲਾਕਡਾਊਨ ਵਿਚ ਦੁਕਾਨਾਂ ਖੋਲ੍ਹਕੇ ਆਪਣਾ ਕੰਮ ਧੰਦਾ ਚਲਾਕੇ ਕਰੋਨਾ ਫੈਲਾਉਣ ਨੂੰ ਤਰਜੀਹ ਦਿੰਦੇ ਹਨ।

ਅਜਿਹੀ ਮਿਸਾਲ ਸ਼ਹਿਰ ਦੇ ਆਰੀਆ ਸਮਾਜ ਚੌਂਕ ਵਿਚ ਖੁੱਲ੍ਹੀ ਪਈ ਮੋਟਾ ਹਲਵਾਈ ਦੀ ਦੁਕਾਨ ਤੋਂ ਮਿਲੀ, ਜੋ ਹੁਕਮਰਾਨਾਂ ਦੇ ਇਸ਼ਾਰੇ ’ਤੇ ਲੋਕਾਂ ਨੂੰ ਪੂੜੀਆਂ ਛੋਲੇ ਸ਼ਰੇਆਮ ਖਵਾ ਰਿਹਾ ਹੈ। ਲਾਕਡਾਊਨ ਦੌਰਾਨ ਸਵੇਰ ਤੋਂ ਮੋਟਾ ਹਲਵਾਈ ਨੇ ਆਪਣੀ ਦੁਕਾਨ ਨੂੰ ਖੁੱਲ੍ਹੀ ਰੱਖਿਆ ਅਤੇ ਸੜਕ ਦੇ ਬਾਹਰ ਸਟਾਲ ਲਗਾਕੇ ਲੋਕਾਂ ਨੂੰ ਸ਼ਰੇਆਮ ਪੂੜੀਆਂ ਖੁਆਈਆਂ। ਦੁਕਾਨ ਦੇ ਬਾਹਰ ਵੱਡਾ ਇਕੱਠ ਕਰਕੇ ਪੂੜੀਆਂ ਖਵਾਉਣ ਦਾ ਕੰਮ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਮੋਟਾ ਹਲਵਾਈ ਮਹਿਲ ’ਚ ਬੈਠੇ ਮਹਾਰਾਣੀ ਪ੍ਰਨੀਤ ਕੌਰ ਦੇ ਸ਼ੋਸ਼ਲ ਮੀਡੀਆ ਅਡਵਾਈਜ਼ਰ ਤੋਂ ਫੋਨ ਕਰਵਾ ਦਿੰਦਾ ਹੈ, ਜਿਸ ਕਰਕੇ ਪੁਲਿਸ ਵਾਲੇ ਆਉਂਦੇ ਹਨ ਅਤੇ ਫੋਨ ਸੁਣਕੇ ਬਿਨਾਂ ਕਾਰਵਾਈ ਤੋਂ ਪਰਤ ਜਾਂਦੇ ਹਨ। ਲਾਕਡਾਊਨ ਵਿਚ ਵਪਾਰੀ ਵੱਲੋਂ ਵਪਾਰ ਧੰਦਾ ਕਰਨ ਦਾ ਇਹ ਸਿਲਸਿਲਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਸਿਲਸਿਲੇ ਦਾ ਸੱਚ ਉਸ ਸਮੇਂ ਸਾਹਮਣੇ ਆਇਆ ਜਦ ਮਧੂਸਾਰ ਪੱਤਰਕਾਰਾਂ ਦੀ ਟੀਮ ਖੁੱਲ੍ਹੀ ਪਈ ਮੋਟਾ ਹਲਵਾਈ ਦੀ ਦੁਕਾਨ ’ਤੇ ਪੁੱਜੀ ਤਾਂ ਲੋਕ ਸ਼ਰੇਆਮ ਪੂੜੀਆਂ ਛੱਕਦੇ ਵਿਖਾਈ ਦਿੱਤੇ।

ਮੋਟੇ ਹਲਵਾਈ ਦੀ ਦੁਕਾਨ ’ਚੋਂ ਇਕ ਵਿਅਕਤੀ ਮੋਬਾਇਲ ਰਾਹੀਂ ਗੱਲ ਕਰਵਾਉਂਦਾ, ਜੋ ਆਖਦੈ ਮਹਿਲ ਵਿਚੋਂ ਫੋਨ ਹੈ ਗੱਲ ਕਰ ਲਓ ਤਾਂ ਅੱਗਿਓਂ ਜਵਾਬ ਆਉਂਦਾ ਰਹਿਣ ਦਿਓ ਜਨਾਬ। ਏਨੇ ਵਿਚ ਬਾਜ਼ਾਰ ਵਾਲਿਆਂ ਨੇ ਮੋਟਾ ਹਲਵਾਈ ਦੀ ਦੁਕਾਨ ਖੁੱਲ੍ਹੀ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵਾਲਿਆਂ ਨੇ ਵੀ ਮੌਕੇ ’ਤੇ ਪੁੱਜਕੇ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਇਹ ਆਖ ਦਿੱਤਾ ਕਿ ਵਾਰਨਿੰਗ ਕਰ ਦਿੱਤੀ ਹੈ, ਜੇ ਮੁੜ ਦੁਕਾਨ ਖੁੱਲ੍ਹੀ ਤਾਂ ਕਾਰਵਾਈ ਕਰਾਂਗੇ। ਪੁਲਿਸ ਕਰਮਚਾਰੀ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੱਲਦੇ ਬਣੇ, ਜਦਕਿ ਲਾਕਾਊਨ ਦੌਰਾਨ ਦੁਕਾਨ ਖੁੱਲ੍ਹੀ ਰੱਖਣ ਅਤੇ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਵਿਚ ਕਾਰਵਾਈ ਬਣਦੀ ਸੀ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜੇ ਹਾਕਮ ਧਿਰ ਦੇ ਇਸ਼ਾਰੇ ’ਤੇ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦੇਣੀ ਹੈ ਤਾਂ ਹੋਰਨਾਂ ਵਪਾਰੀਆਂ ਦੀਆਂ ਦੁਕਾਨਾਂ ਬੰਦ ਕਿਉਂ ਰਹਿਣ। ਲੋਕ ਗੁੱਸੇ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ ਕਿ ਆਖਿਰ ਹਾਕਮ ਧਿਰ ਦੇ ਧਿਰ ਆਪਣਿਆਂ ਨੂੰ ਖੁੱਲ੍ਹ ਦਿੰਦੀ ਹੈ ਤੇ ਛੋਟੇ ਵਪਾਰੀਆਂ ’ਤੇ 188 ਦੀ ਕਾਰਵਾਈ ਕਰਵਾਉਂਦੀ ਹੈ, ਜਦਕਿ ਅਜਿਹੇ ਲੋਕਾਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਸ਼ਰੇਆਮ ਲਾਕਡਾਊਨ ਦੀ ਉਲੰਘਣਾ ਕਰ ਰਹੇ ਹਨ।

Leave a Reply

Your email address will not be published. Required fields are marked *