ਲਾਕਡਾਊਨ : ਕਿਸਾਨ ਖੁੱਲ੍ਹਵਾ ਨਾ ਸਕੇ ਵਪਾਰੀਆਂ ਦੀਆਂ ਦੁਕਾਨਾਂ, ਝੱਲੀ ਨਿਰਾਸ਼ਾ
ਵਪਾਰੀਆਂ ਦੇ ਪ੍ਰਧਾਨ ਨਾਲ ਨਾ ਤੁਰੇ ਵਪਾਰੀ, ਕਿਸਾਨਾਂ ਨੂੰ ਨਾ ਮਿਲਿਆ ਸਮਰਥਨ
ਪਟਿਆਲਾ 8 ਮਈ (ਮਧੂਸਾਰ ਬਿਊਰੋ) ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਮਿੰਨੀ ਲਾਕਡਾਊਨ ਵਿਚ ਸੀ.ਐਮ. ਸਿਟੀ ਸ਼ਹਿਰ ਦੀਆਂ ਦੁਕਾਨਾਂ ਨੂੰ ਖੁੱਲ੍ਹਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਉਸ ਸਮੇਂ ਵੱਡੀ ਨਿਰਾਸ਼ਾ ਸਹਿਣੀ ਪਈ, ਜਦ ਦੁਕਾਨਾਂ ਖੁਲਵਾਉਣ ਲਈ ਦਿੱਤੀ ਗਈ ਕਾਲ ਨੂੰ ਕੋਈ ਸਮਰਥਨ ਨਾ ਮਿਲ ਸਕਿਆ। ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਤੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਦੀ ਅਗਵਾਈ ’ਚ ਕਿਸਾਨਾਂ ਅਤੇ ਬੀਬੀਆਂ ਦੇ ਜਥੇ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਨਾਲ ਆਪਣਾ ਪੈਦਲ ਮਾਰਚ ਸ਼ੁਰੂ ਕੀਤਾ, ਜਿਸ ਨੂੰ ਸ਼ਹਿਰ ਦੇ ਵਪਾਰੀਆਂ ਨੇ ਕੋਈ ਹੁੰਗਾਰਾ ਨਾ ਦਿੱਤਾ। ਕਿਸਾਨ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚੋਂ ਨਾਅਰੇਬਾਜ਼ੀ ਕਰਦੇ ਹੋਏ ਲੰਘੇ, ਪਰ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਨੂੰ ਖੋਲ੍ਹਣਾ ਮੁਨਾਸਿਬ ਨਾ ਸਮਝਿਆ।

ਦੂਜੇ ਪਾਸੇ ਵਪਾਰੀਆਂ ਦੇ ਪ੍ਰਧਾਨ ਰਾਕੇਸ਼ ਗੁਪਤਾ ਕਿਸਾਨਾਂ ਦੇ ਧਰਨੇ ’ਚ ਸ਼ਾਮਲ ਹੁੰਦੇ ਤਾਂ ਵਿਖਾਈ ਦਿੱਤੇ, ਪਰ ਡੇਢ ਕਿਲੋਮੀਟਰ ਦੀ ਦੂਰੀ ਤੋਂ ਰਾਕੇਸ਼ ਗੁਪਤਾ ਕਿਸਾਨ ਧਰਨੇ ’ਚੋਂ ਇਸ ਕਰਕੇ ਖਿਸਕ ਗਏ ਕਿਉਂਕਿ ਸ਼ਹਿਰ ਦਾ ਕੋਈ ਵੀ ਵਪਾਰੀ ਪ੍ਰਧਾਨ ਦੀ ਅਗਵਾਈ ’ਚ ਚੱਲਣ ਨੂੰ ਤਿਆਰ ਨਾ ਹੋਇਆ, ਜਦਕਿ ਵਪਾਰੀ ਵਰਗ ਦੇ ਪ੍ਰਧਾਨ ਰਾਕੇਸ਼ ਗੁਪਤਾ ਵਾਰ ਵਾਰ ਇਹ ਕਹਿੰਦੇ ਰਹੇ ਵਪਾਰੀਆਂ ਦਾ ਕਿਸਾਨਾਂ ਨੂੰ ਸਮਰਥਨ ਹੈ। ਗੱਲਬਾਤ ਕਰਦਿਆਂ ਰਾਕੇਸ਼ ਗੁਪਤਾ ਨੇ ਕਿਹਾ ਕਿ ਵਪਾਰੀਆਂ ਨੇ ਵਪਾਰ ਨੂੰ ਬਚਾਉਣ ਲਈ ਕਿਸਾਨ ਧਰਨੇ ਦਾ ਸਮਰਥਨ ਦਿੱਤਾ, ਜਦਕਿ ਸਰਕਾਰ ਅਤੇ ਪ੍ਰਸ਼ਾਸਨ ਵਪਾਰੀਆਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝੀ, ਇਸ ਕਰਕੇ ਵਪਾਰ ਧੰਦਾ ਬਰਬਾਦ ਹੋ ਚੁੱਕਿਆ ਅਤੇ ਲਾਕਡਾਊਨ ਲਗਾਕੇ ਵਪਾਰੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਕਿਹਾ ਕਿ ਵਪਾਰੀ ਵਰਗ ਨੂੰ ਸਮਰਥਨ ਦੇਣ ਲਈ ਕਿਸਾਨਾਂ ਨੇ ਪ੍ਰੋਗਰਾਮ ਉਲੀਕਿਆ ਸੀ ਤਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਤੱਕ ਵਪਾਰ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਪਹਿਲਾਂ ਹੀ ਕਿਸਾਨ ਅਤੇ ਕਿਸਾਨੀ ਨੂੰ ਬਰਬਾਦ ਕਰ ਚੁੱਕੀਆਂ ਅਤੇ ਹੁਣ ਲਾਕਡਾਊਨ ਵਿਚ ਵਪਾਰੀਆਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

