ਡਿਪਟੀ ਕਮਿਸ਼ਨਰ ਵੱਲੋਂ ਰਾਧਾ ਸੁਆਮੀ ਸਤਸੰਗ ਘਰ ‘ਚ ਲਗਾਏ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ
ਸੰਕਟ ਦੀ ਘੜੀ ‘ਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਅਹਿਮ-ਕੁਮਾਰ ਅਮਿਤ
ਪਟਿਆਲਾ, 8 ਮਈ (ਰਮਨਦੀਪ/ਮਧੂਸਾਰ ਬਿਊਰੋ) ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉਣ ਲਈ ਇੱਥੇ ਅਰਬਨ ਅਸਟੇਟ ਵਿਖੇ ਸਥਿਤ ਰਾਧਾ ਸੁਆਮੀ ਸਤਸੰਗ ਘਰ ਵਿਖੇ ਸਿਹਤ ਵਿਭਾਗ ਪਟਿਆਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਵੈਕਸੀਨੇਸ਼ਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਾਉਣ ਲਈ ਦਿੱਤਾ ਜਾ ਰਿਹਾ ਸਹਿਯੋਗ ਬਹੁਤ ਅਹਿਮ ਹੈ ਅਤੇ ਇਸ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸੰਸਥਾਵਾਂ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਲੰਘੇ ਵਰ੍ਹੇ ਵੀ ਕੋਵਿਡ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਰਾਧਾ ਸੁਆਮੀ ਸੰਸਥਾ ਵੱਲੋਂ ਲੰਗਰ ਤਿਆਰ ਕਰਕੇ ਪਟਿਆਲਾ ਦੇ ਲੋੜਵੰਦਾਂ ਅਤੇ ਰਾਜਿੰਦਰਾ ਹਸਪਤਾਲ ਦੇ ਮਰੀਜਾਂ ਨੂੰ ਪਹੁੰਚਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਦੀ ਚੇਨ ਤੋੜਨ ਲਈ ਵੈਕਸੀਨੇਸ਼ਨ ਹੀ ਇੱਕੋ-ਇੱਕ ਉਪਾਅ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕ ਟੀਕਾਕਰਨ ਤੋਂ ਘਬਰਾਉਂਦੇ ਸਨ ਪਰੰਤੂ ਹੁਣ ਲੋਕ ਵੈਕਸੀਨੇਸ਼ਨ ਲਈ ਅੱਗੇ ਵੀ ਆ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਡੇਰੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾਂ ਦੀ ਸ਼ਲਾਘਾ ਕੀਤੀ। ਰਾਧਾ ਸੁੁਆਮੀ ਸਤਸੰਗ ਘਰ ਦੇ ਸਕੱਤਰ ਵਿਸ਼ਾਲ ਖੁਰਮੀ ਨੇ ਦੱਸਿਆ ਕਿ ਸੰਸਥਾ ਨੇ ਇਸ ਤੋਂ ਪਹਿਲਾਂ ਵੀ ਕੋਵਿਡ ਵੈਕਸੀਨੇਸ਼ਨ ਦੇ ਕੈਂਪ ਪਟਿਆਲਾ ਜ਼ਿਲ੍ਹੇ ‘ਚ ਲਗਾਏ ਜਾ ਚੁੱਕੇ ਹਨ।
ਕੋਵਿਡ ਵੈਕਸੀਨੇਸ਼ਨ ਦੀ ਨੋਡਲ ਅਫ਼ਸਰ ਡਾ. ਪਰਨੀਤ ਕੌਰ ਨੇ ਦੱਸਿਆ ਕਿ ਰਾਧਾ ਸੁਆਮੀ ਸਤਸੰਗ ਘਰਾਂ ‘ਚ 50 ਕੈਂਪ ਲਗਾ ਕੇ 8000 ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਤਸੰਗ ਘਰ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਧਾਨ ਪ੍ਰੋ. ਰਾਮ ਕੁਮਾਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

