ਵਾਈਸ-ਚਾਂਸਲਰ ਵੱਲੋਂ ਤਿੰਨ ਸਟੇਟ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਸਾਹਿਬਾਨ ਨਾਲ ਇਕ ਗੈਰ-ਰਸਮੀ ਮੁਲਾਕਾਤ
ਪਟਿਆਲਾ 4 ਜੂਨ (ਰਮਨਦੀਪ/ਮਧੂਸਾਰ ਬਿਊਰੋ) ਚਾਰ ਰਾਜ ਪੱਧਰੀ ਯੂਨੀਵਰਸਿਟੀਆਂ ਸਥਾਪਿਤ ਹੋਣ ਨਾਲ ਪੰਜਾਬ ਦਾ ਰਿਆਸਤੀ ਸਹਿਰ ਪਟਿਆਲਾ ਵਿੱਦਿਆ ਦੇ ਖੇਤਰ ਵਿਚ ਆਪਣੀ ਇਕ ਵਖਰੀ ਪਹਿਚਾਣ ਨਾਲ ਉੱਭਰਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਖੇਤਰ ਵਿਚ ਹਮੇਸਾ ਹੀ ਇਕ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪਟਿਆਲਾ ਸਥਿਤ ਤਿੰਨ ਬਾਕੀ ਸਟੇਟ ਯੂਨੀਵਰਸਿਟੀਆਂ ਜਿਨ੍ਹਾਂ ਵਿਚ ਰਾਜੀਵ ਗਾਂਧੀ ਨੈਸਨਲ ਯੂਨੀਵਰਸਿਟੀ ਆਫ ਲਾਅ ਦੇ ਵਾਈਸ-ਚਾਂਸਲਰ ਪ੍ਰੋ. ਜੀ. ਐੱਸ. ਬਾਜਪਾਈ., ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਲੈਫ.ਜਨਰਲ ਜਗਬੀਰ ਸਿੰਘ ਚੀਮਾ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨਾਲ ਇਕ ਗੈਰ-ਰਸਮੀ ਮੁਲਾਕਾਤ ਕੀਤੀ ਗਈ।
ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਪਾਸਾਰ ਲਈ ਪਟਿਆਲਾ ਦਾ ਇਕ ਅਹਿਮ ਵਿੱਦਿਅਕ ਕੇਂਦਰ ਵਜੋਂ ਉੱਭਰਨਾ ਸਮੁੱਚੇ ਪੰਜਾਬ ਦੇ ਵਿੱਦਿਅਕ ਅਤੇ ਅਕਾਦਮਿਕ ਖੇਤਰ ਲਈ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਇਹ ਮਾਣ ਹਾਸਿਲ ਹੈ ਕਿ ਇਹ ਆਪਣੇ ਛੇ ਦਹਾਕਿਆਂ ਦੀ ਅਮੀਰ ਵਿੱਦਿਅਕ ਵਿਰਾਸਤ ਨਾਲ ਇਸ ਖਿੱਤੇ ਵਿਚ ਇਕ ਚਾਨਣ ਮੁਨਾਰਾ ਰਹੀ ਹੈ। ਇਸੇ ਸਹਿਰ ਵਿਚ ਤਿੰਨ ਹੋਰ ਰਾਜ ਪੱਧਰੀ ਯੂਨੀਵਰਸਿਟੀਆਂ ਦਾ ਸਥਾਪਿਤ ਹੋਣਾ ਨਾ ਕੇਵਲ ਪੰਜਾਬ ਬਲਕਿ ਸਮੁੱਚੇ ਦੇਸ ਦੇ ਬੌਧਿਕ ਅਤੇ ਅਕਾਦਮਿਕ ਵਿਕਾਸ ਹਿਤ ਨਿਸਚੇ ਹੀ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਉੱਤਰੀ ਭਾਰਤ ਵਿਚ ਸਾਇਦ ਪਟਿਆਲਾ ਸਹਿਰ ਦੀ ਇਹ ਵਿਲੱਖਣਤਾ ਹੋਵੇਗੀ ਕਿ ਇੱਥੇ ਚਾਰ ਸਟੇਟ ਯੂਨੀਵਰਸਿਟੀਆਂ ਸਥਾਪਿਤ ਹਨ। ਉਹਨਾਂ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਤਿੰਨੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਸਾਡੇ ਯੂਨੀਵਰਸਿਟੀ ਦੇ ਵਿਹੜੇ ਵਿੱਚ ਆ ਕੇ ਸਾਡਾ ਮਾਣ ਉੱਚਾ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਅਦਾਰਿਆਂ ਸਦਕਾ ਅਕਾਦਮਿਕ ਖੇਤਰ ਵਿਚ ਅਸੀਂ ਬਹੁਤ ਅੱਗੇ ਜਾਵਾਂਗੇ।
ਪ੍ਰੋ. ਜੀ ਐੱਸ. ਬਾਜਪਾਈ ਨੇ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਉਹ ਇਸ ਇਤਹਾਸਿਕ ਅਤੇ ਖੂਬਸੂਰਤ ਸਹਿਰ ਪਟਿਆਲਾ ਦੀਆਂ ਅਕਾਦਮਿਕ ਖੇਤਰ ਵਿਚ ਬਹੁਤ ਮਹੱਤਵਪੂਰਨ ਭਵਿੱਖੀ ਸੰਭਾਵਨਾਵਾਂ ਵੇਖ ਰਹੇ ਹਨ। ਡਾ. ਜਗਬੀਰ ਸਿੰਘ ਚੀਮਾ ਨੇ ਕਿਹਾ ਕਿ ਸਪੋਰਟਸ ਯੂਨੀਵਰਸਿਟੀ ਖੇਡਾਂ ਦੇ ਖੇਤਰ ਦੇ ਬਹੁਪੱਖੀ ਵਿਕਾਸ ਲਈ ਗਤੀਸੀਲ ਰਹੇਗੀ। ਡਾ. ਕਰਮਜੀਤ ਸਿੰਘ ਨੇ ਹਰੇਕ ਯੂਨੀਵਰਸਿਟੀ ਦੀ ਵਿਲੱਖਣਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪਟਿਆਲਾ ਸਥਿਤ ਇਹ ਚਾਰ ਸਟੇਟ ਯੂਨੀਵਰਸਿਟੀਆਂ ਆਪਸੀ ਭਰਪੂਰ ਸਹਿਯੋਗ ਨਾਲ ਅਕਾਦਮਿਕ ਖੇਤਰ ਨੂੰ ਨਵੀਂ ਦਿਸਾ ਪ੍ਰਦਾਨ ਕਰਨਗੀਆਂ। ਇਸ ਮੌਕੇ 5 ਜੂਨ 2021 ਨੂੰ ਮਨਾਏ ਜਾਣ ਵਾਲੇ ਵਿਸਵ ਵਾਤਾਵਰਣ ਦਿਵਸ ਦੇ ਪੂਰਵ ਅਵਸਰ ਮੌਕੇ ਸਭਨਾਂ ਵੱਲੋਂ ਮਿਲ ਕੇ ਇਕ ਇਕ ਪੌਦਾ ਵੀ ਲਗਾਇਆ ਗਿਆ।

