ਬਸੰਤ ਪੰਚਮੀ ਸਾਲਾਨਾ ਜੋੜ ਮੇਲ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨਤਮਸਤਕ
ਕਵੀ ਦਰਬਾਰ, ਢਾਡੀ ਦਰਬਾਰ ਅਤੇ ਕੀਰਤਨ ਸਮਾਗਮ ‘ਚ ਸੰਗਤਾਂ ਨੇ ਕੀਤੀ ਸ਼ਿਰਕਤ
ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਕੀਤੀ ਪੰਗਤ ਅਤੇ ਸੰਗਤ
ਪਟਿਆਲਾ 22 ਜਨਵਰੀ ()
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਚੱਜੀ ਅਗਵਾਈ ‘ਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਸਾਲਾਨਾ ਜੋੜ ਮੇਲ ਮੌਕੇ ਸੰਗਤਾਂ ਨੇ ਵੱਡੀ ਗਿਣਤੀ ‘ਚ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ।
ਤੜਕ ਸਵੇਰੇ 1.00 ਵਜੇ ਕਵਾੜ ਖੁੱਲ੍ਹਣਮ ਮਗਰੋਂ ਸੰਗਤਾਂ ਨੇ ਹਾਜ਼ਰੀ ਲਗਵਾਉਂਦਿਆਂ ਆਸਾ ਕੀ ਵਾਰ ਅਤੇ ਬਸੰਤ ਰਾਗ ਦਰਬਾਰ ਦੌਰਾਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜਥੇ ਭਾਈ ਜਸਪਿੰਦਰ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਚਲਾਏ ਬਾਣੀ ਪ੍ਰਵਾਹ ਦਾ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਮੱਥਾ ਟੇਕਣ ਪੁੱਜੀਆਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ।
ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੰਥ ਦੀ ਚੜ੍ਹਦੀਕਲਾ ਅਤੇ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਅਤੇ ਬਸੰਤ ਪਚੰਮੀ ਦੀ ਇਤਿਹਾਸ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਤ ਨੂੰ ਪਰਉਪਕਾਰੀ ਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ ਹੈ, ਜਿਸ ਨਾਲ ਮਨੁੱਖ ਜੀਵਨ ਦੇ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ।
ਬਸੰਤ ਪੰਚਮੀ ਜੋੜ ਮੇਲ ਨੂੰ ਸਮਰਪਿਤ ਦੇਰ ਰਾਤ ਤੱਕ ਚੱਲੇ ਕਵੀ ਦਰਬਾਰ ‘ਚ ਭਾਈ ਅਵਤਾਰ ਸਿੰਘ ਤਾਰੀ, ਭਾਈ ਹਰਨੇਕ ਸਿੰਘ ਬਡਾਲੀ, ਭਾਈ ਚੈਨ ਸਿੰਘ ਚੱਕਰਵਰਤੀ, ਭਾਈ ਬਲਬੀਰ ਸਿੰਘ ਬੱਲ, ਭਾਈ ਬਲਵਿਦਰ ਸਿੰਘ ਸੰਧਾ, ਭਾਈ ਬਲਬੀਰ ਸਿੰਘ ਕੋਮਲ, ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ ਹਿਰਦੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਧਰਮ ‘ਚ ਦ੍ਰਿੜ ਰਹਿਣ ਦਾ ਜ਼ਜ਼ਬਾ ਭਰਿਆ ਅਤੇ ਕਵਿਤਾਵਾਂ ਰਾਹੀਂ ਪ੍ਰਮਾਤਮਾ ਦੀ ਉਸਤਤ ਕੀਤੀ।
ਇਸ ਮੌਕੇ ਢਾਡੀ ਅਤੇ ਕਵੀਸ਼ਰੀ ਜਥਿਆਂ ਭਾਈ ਗੁਰਪਿਆਰ ਸਿੰਘ, ਭਾਈ ਬਲਦੇਵ ਸਿੰਘ ਲੌਂਗੋਵਾਲ, ਬੀਬੀ ਰਾਜਵੰਤ ਕੌਰ, ਭਾਈ ਜਤਿੰਦਰ ਸਿੰਘ ਸਿੱਧੂ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਸੀਤਲ ਸਿੰਘ ਮਿਸ਼ਰਾ, ਭਾਈ ਬਲਬੀਰ ਸਿੰਘ ਸਾਗਰ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਸੁਣਾਈਆਂ ਅਤੇ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਹਿਮ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੀ।
ਕੀਰਤਨ ਸਮਾਗਮ ‘ਚ ਕੀਰਤਨੀਏ ਭਾਈ ਸੁਖਬੀਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਰਣਧੀਰ ਸਿੰਘ, ਭਾਈ ਕਰਨੈਲ ਸਿੰਘ ਪਾਸੋਂ ਜੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਦੀ ਲੜੀ ਤਹਿਤ ਬਲਦੇਵ ਸਿੰਘ ਪ੍ਰਚਾਰਕ, ਪਰਵਿੰਦਰ ਸਿੰਘ ਪ੍ਰਚਾਰਕ ਅਤੇ ਹਰਪ੍ਰੀਤ ਸਿੰਘ ਵੱਲੋਂ ਸੰਗਤਾਂ ਨੂੰ ਰਹਿਤ ਮਰਿਯਾਦਾ, ਬਾਣੇ ਅਤੇ ਬਾਣੀ ਦਾ ਧਾਰਨੀ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਅਹਿਮ ਕਰਤੱਵ ਹੈ ਕਿ ਉਹ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਬੱਚਿਆਂ ਨੂੰ ਧਰਮ ਨਾਲ ਜੋੜਨ ਅਤੇ ਸਿੱਖ ਧਰਮ ਦੇ ਵਿਕਾਸ ਲਈ ਮਾਰਗ ਦਰਸ਼ਨ ਕਰਨ।
ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਹਾਜ਼ਰੀ ਲਗਵਾਈ, ਜਿਨ੍ਹਾਂ ਨੂੰ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਲਾਭ ਸਿੰਘ ਦੇਵੀਨਗਰ, ਜਥੇਦਾਰ ਸ਼ਵਿੰਰ ਸਿੰਘ ਸੱਭਰਵਾਲ, ਮੈਨੇਜਰ ਜਗਮੀਤ ਸਿੰਘ, ਐਡੀ. ਮੈਨੇਜਰ ਕਰਨੈਲ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘਠ ਆਦਿ ਹਾਜ਼ਰ ਸਨ।

