ਸ਼ੋ੍ਰਮਣੀ ਕਮੇਟੀ ਪ੍ਰਧਾਨ ਵੱਲੋਂ ਧਬਲਾਨ ਵਿਖੇ ਇਨਕੁਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ
ਪਟਿਆਲਾ 28 ਜੂਨ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਧਬਲਾਨ ਵਿਖੇ ਸਥਾਪਤ ਕੀਤੇ ਗਏ ਕੈਂਪਸ ਫਾਰ ਰਿਸਰਚ ਐਂਡ ਐਡਵਾਂਸ ਸਟੱਡੀਜ਼ ਦੇ ਮੁਕੰਮਲ ਹੋਣ ਦੇ ਸ਼ੁਭ ਅਵਸਰ ’ਤੇ ਅੱਜ ਬੀਬੀ ਜਗੀਰ ਕੌਰ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਇੱਥੇ ਸਥਾਪਤ ਕੀਤੇ ਜਾਣ ਵਾਲੇ ਇਨਕੁਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦਾ ਗਿਆਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਇਸ ਰਿਸਰਚ ਕੇਂਦਰ ਵਿਚ ਖੇਤੀਬਾੜੀ ਨਾਲ ਸਬੰਧਤ ਅਨੇਕਾਂ ਪ੍ਰਯੋਗਸ਼ਾਲਾਵਾਂ ਜਿਵੇਂ ਕਿ ਮਿੱਟੀ ਅਤੇ ਪਾਣੀ ਦੀ ਪਰਖ, ਬਾਗਬਾਨੀ, ਬੀਜਾਂ ਦਾ ਸੁਧਾਰ ਅਤੇ ਨਿਰੀਖਣ, ਜੈਵਿਕ ਖਾਦ ਅਤੇ ਪਸ਼ੂ ਵਿਗਿਆਨ ਆਦਿ ਸਥਾਪਤ ਕੀਤੀਆਂ ਗਈਆਂ ਹਨ।
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱੱਤਰ ਕਾਲਜ ਗਵਰਨਿੰਗ ਬਾਡੀ ਵੱਲੋਂ ਦੱਸਿਆ ਗਿਆ ਕਿ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਧਬਲਾਨ ਵਿੱਚ ਸਥਾਪਤ ਕੀਤਾ ਗਿਆ ਇਹ ਸੈਂਟਰ ਇਲਾਕੇ ਦੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਇੱਥੇ ਚੱਲ ਰਹੀਆਂ ਵੱਖ ਵੱਖ ਸਕੀਮਾਂ ਅਧੀਨ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਕਰਨ ਉਪਰੰਤ ਉਨ੍ਹਾਂ ਨੂੰ ਲੋੜ ਅਨੁਸਾਰ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਜੈਵਿਕ ਅਤੇ ਕੁਦਰਤੀ ਖੇਤੀ ਕਰਨ ਲਈ ਵੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਆਸ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੈਂਟਰ ਇਲਾਕੇ ਲਈ ਵਿਗਿਆਨਕ ਖੇਤੀ ਦੇ ਖੇਤਰ ਵਿਚ ਮੋਹਰੀ ਰੋਲ ਅਦਾ ਕਰੇਗਾ।
ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ, ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੁਬਾਰਕ ਮੌਕੇ ’ਤੇ ਦੱਸਿਆ ਕਿ ਕੈਂਪਸ ਫਾਰ ਰਿਸਰਚ ਐਂਡ ਐਡਵਾਂਸ ਸਟੱਡੀਜ਼ ਧਬਲਾਨ ਵਿੱਚ ਇਨਕੁਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਸਥਾਪਤ ਹੋਣ ਨਾਲ ਐਡਵਾਂਸਡ ਸਟੱਡੀ ਦਾ ਰਾਹ ਹੋਰ ਮੋਕਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਜੋ ਖੋਜ ਕੀਤੀ ਜਾਵੇਗੀ ਉਸ ਨਾਲ ਪੰਜਾਬ ਦੇ ਲੋਕਾਂ ਨੂੰ ਪਰੰਪਰਾਗਤ ਖੇਤੀ ਦੇ ਚੱਕਰ ਵਿੱਚੋਂ ਕੱਢਣ ਦੀ ਕੱਢਣ ਦੇ ਨਾਲ ਨਾਲ ਖੇਤੀ ਨੂੰ ਕੁਦਰਤੀ ਢੰਗ ਤਰੀਕਿਆਂ ਰਾਹੀਂ ਲਾਹੇਵੰਦਾ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨਕੁਬੇਸ਼ਨ ਸੈਂਟਰ ਦੀ ਸਥਾਪਤੀ ਨਾਲ ਫਸਲਾਂ ਦੀ ਪੈਕਿੰਗ ਅਤੇ ਉਸ ਨੂੰ ਸਿੱਧਾ ਮਾਰਕੀਟ ਤਕ ਪਹੁੰਚਾਉਣ ਦੇ ਢੰਗ ਤਰੀਕਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ 18 ਏਕੜ ਵਿੱਚ ਫੈਲੇ ਇਸ ਰਿਸਰਚ ਕੇਂਦਰ ਵਿਚ ਵੱਖ-ਵੱਖ ਫ਼ਸਲਾਂ ਉੱਪਰ ਖੋਜ ਕਾਰਜ ਚੱਲ ਰਹੇ ਹਨ ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਅਗਲੀਆਂ ਪੀੜ੍ਹੀਆਂ ਲਈ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤਿ੍ਰਗ ਕਮੇਟੀ ਦੇ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਡੀਨ ਖੇਤੀਬਾੜੀ ਪ੍ਰੋ. ਸੰਦੀਪ ਚਹਿਲ, ਮੁਖੀ ਖੇਤੀਬਾਡੀ ਵਿਭਾਗ ਪ੍ਰੋ. ਰਾਜਦੀਪ ਸਿੰਘ ਧਾਲੀਵਾਲ, ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ, ਡੀਨ ਡਿਵੈੱਲਪਮੈਂਟ ਪ੍ਰੋ. ਗੁਰਸ਼ਰਨ ਸਿੰਘ ਗਿੱਲ , ਇਨਫਰਮੇਸ਼ਨ ਅਫਸਰ ਡਾ. ਜਗਜੀਤ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ ਹਾਜ਼ਰ ਸੀ।

