ਜਲਾਲਪੁਰ ਬੋਲੇ, ਕਾਂਗਰਸ ਹਾਈ ਕਮਾਂਡ ਦੇ ਦੇਣ ਸਿੱਧੂ ਦੀ ਪ੍ਰਧਾਨਗੀ ਉੱਤੇ ਫ਼ੈਸਲਾ
ਘਨੌਰ ਤੋਂ ਟਿਕਟ ਨਾ ਮਿਲੀ ਤਾਂ ਲੜਾਂਗਾ ਆਜ਼ਾਦ ਚੋਣ
ਪ੍ਰਤਾਪ ਬਾਜਵਾ ਵਰਗੇ ਨੇ ਕਾਂਗਰਸ ਨੂੰ ਡੋਬਿਆ
ਪਟਿਆਲਾ 18 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਲੋਕਾਂ ਦੀ ਆਵਾਜ਼ ਜੇਕਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਨਾ ਸੁਣੀ ਤਾਂ 2022 ਵਿਚ ਪੰਜਾਬ ਵਿੱਚ ਕਾਂਗਰਸ ਦਾ ਸੂਪੜਾ ਸਾਫ ਹੋ ਜਾਵੇਗਾ । ਇਹ ਪ੍ਰਗਟਾਵਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਉਸ ਸਮੇਂ ਕੀਤਾ ਜਦੋਂ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਘਰ ਚਾਹ ਪੀਣ ਪੁੱਜੇ ਸਨ। ਇਸ ਮਿਲਣੀ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਾਂਗਰਸ ਦੇ ਦਿੱਗਜ ਆਗੂਆਂ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਕਿਹਾ ਪ੍ਰਤਾਪ ਬਾਜਵਾ ਵਰਗੇ ਕਾਂਗਰਸੀਆਂ ਕਰਕੇ ਕਾਂਗਰਸ ਦਾ ਅੱਜ ਬੁਰਾ ਹਾਲ ਨਜ਼ਰ ਆ ਰਿਹਾ ਹੈ।

ਜਲਾਲਪੁਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਟਿਕਟ ਮਿਲੇ ਜਾਂ ਨਾ ਮਿਲੇ ਪਰ ਉਹ ਆਜ਼ਾਦ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਹਾਈਕਮਾਨ ਨੂੰ ਲੋਕਾਂ ਦੀ ਅਤੇ ਕਾਂਗਰਸੀਆਂ ਦੀ ਨਬਜ਼ ਨੂੰ ਪਛਾਣਨਾ ਚਾਹੀਦਾ। ਜਲਾਲਪੁਰ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿੱਚ ਤੂਤੀ ਬੋਲਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਦੀ ਆਵਾਜ਼ ਸਿੱਧੂ ਬਣ ਚੁੱਕਿਆ ਹੈ ਇਸ ਕਰਕੇ ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ ਨੂੰ ਸਿੱਧੂ ਦੀ ਪ੍ਰਧਾਨਗੀ ਉੱਤੇ ਫ਼ੈਸਲਾ ਲੈ ਲੈਣਾ ਚਾਹੀਦਾ ਹੈ। ਜਲਾਲਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਪਰਿਵਾਰ ਵਿੱਚੋਂ ਹਨ ਅਤੇ ਰਾਜੇ ਮਹਾਰਾਜਿਆਂ ਦਾ ਦਿਲ ਬਹੁਤ ਵੱਡਾ ਹੁੰਦਾ ਅਤੇ ਸਿੱਧੂ ਨੂੰ ਵੈਸੇ ਹੀ ਮਾਫ਼ ਕਰ ਦੇਣਾ ਚਾਹੀਦਾ।ਉਨ੍ਹਾਂ ਕਿਹਾ ਕਿ ਅੱਜ ਸਿੱਧੂ ਨੂੰ ਗਲ ਲਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਅਵਾਜ ਸਿੱਧੂ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਜਲਦ ਹੀ ਕੇਂਦਰ ਨੂੰ ਉਨ੍ਹਾਂ ਦੀ ਪ੍ਰਧਾਨਗੀ ਤੇ ਮੋਹਰ ਲਾ ਦੇਣੀ ਚਾਹੀਦੀ ਹੈ। ਜਲਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਅਤੇ ਉਨ੍ਹਾਂ ਮੇਰੇ ਘਰ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਕਾਂਗਰਸੀ ਹੋਣ ਦੇ ਨਾਤੇ ਮੇਰੇ ਘਰ ਦੇ ਦਰਵਾਜ਼ੇ ਸਾਰੇ ਹੀ ਕਾਂਗਰਸ ਦੇ ਲੀਡਰਾਂ ਲਈ ਖੁੱਲ੍ਹੇ ਹਨ। ਜਲਾਲਪੁਰ ਨੇ ਕਿਹਾ ਕਿ ਪਿੰਡ ਪਿੰਡ ਵਿਚ ਲੋਕਾਂ ਦੀ ਆਵਾਜ਼ ਸਿੱਧੂ ਦੇ ਹੱਕ ਵਿੱਚ ਬੋਲ ਰਹੀ ਹੈ ਅਤੇ ਪਾਰਟੀ ਹਾਈ ਕਮਾਂਡ ਨੂੰ ਲੋਕਾਂ ਦੀ ਆਵਾਜ਼ ਸੁਣਨੀ ਹੀ ਪਵੇਗੀ ਉਨ੍ਹਾਂ ਇਹ ਵੀ ਕਿਹਾ ਕਿ 2017 ਵਿੱਚ ਸਮਾਂ ਕੈਪਟਨ ਦੇ ਨਾਲ ਸੀ ਹੁਣ ਸਮਾਂ ਸਿੱਧੂ ਵੱਲ ਇਸ਼ਾਰੇ ਕਰ ਰਿਹਾ ਹੈ ਕੈਪਟਨ ਪਰਿਵਾਰ ਦੇ ਘਰਾਣੇ ਦੀ ਤਾਰੀਫ਼ ਕਰਦਿਆਂ ਜਲਾਲਪੁਰ ਨੇ ਦੱਸਿਆ ਕਿ ਕੈਪਟਨ ਮੇਰੇ ਸਤਿਕਾਰਯੋਗ ਹਨ ਅਤੇ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਘਰਾਣੇ ਦਾ ਨਾਂ ਚੱਲਦਾ ਹੈ ਉਨ੍ਹਾਂ ਨੂੰ ਦਿਲ ਵੱਡਾ ਕਰਕੇ ਗਲੇ ਲਾਉਣਾ ਚਾਹੀਦਾ ਹੈ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੁਰਾ ਭਲਾ ਕਹਿੰਦੇ ਸਨ ਅਤੇ ਹੁਣ ਉਨ੍ਹਾਂ ਦੇ ਨਾਲ ਘਿਓ ਖਿਚੜੀ ਹੋ ਰਹੇ ਹਨ ਸਮਝ ਨਹੀਂ ਆਉਂਦਾ ਕਿ ਇਹ ਕਿੱਦਾਂ ਦੀ ਗੰਧਲੀ ਸਿਆਸਤ ਹੋ ਰਹੀ ਹੈ ਅਜਿਹੇ ਲੀਡਰ ਸਾਡੀ ਕਾਂਗਰਸ ਦਾ ਨੁਕਸਾਨ ਕਰ ਰਹੇ ਹਨ ਇਸ ਮੌਕੇ ਐਮਐਲਏ ਸੁਖਜਿੰਦਰ ਸਿੰਘ ਰੰਧਾਵਾ ਨਿਰਮਲ ਸਿੰਘ ਸ਼ਤਰਾਣਾ ਹਾਜ਼ਰ ਸਨ।

