ਖ਼ਾਲਸਾ ਕਾਲਜ ਪਟਿਆਲਾ ਨੇ ਮਨਾਇਆ ਆਪਣਾ 61ਵਾਂ ਸਥਾਪਨਾ ਦਿਵਸ
ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਨੇ ਆਪਣਾ 61ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਅਤੇ ਅਰਦਾਸ ਉਪਰੰਤ ਗੁਰੂ ਕੇ ਅਥਾਹ ਲੰਗਰ ਵਰਤਾਏ ਗਏ। ਇਸ ਮੌਕੇ ਕਾਲਜ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਾਲਜ ਕੈਂਪਸ ਵਿਖੇ 61 ਬੂਟੇ ਵੀ ਲਗਾਏ ਗਏ।
ਖ਼ਾਲਸਾ ਕਾਲਜ ਪਟਿਆਲਾ ਦੇ 61ਵੇਂ ਸਥਾਪਨਾ ਦਿਵਸ ਮੌਕੇ ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜ਼ੈਕਟਿਵ ਮੈਂਬਰ ਸ੍ਰ. ਸਤਵਿੰਦਰ ਸਿੰਘ ਟੌਹੜਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਆਪਣੇ ਕਰ-ਕਮਲਾਂ ਨਾਲ ਪੌਦੇ ਲਗਾਉਣ ਦੀ ਮੁਹਿੰਮ ਦਾ ਸ਼ੁਭ ਆਗਾਜ਼ ਕੀਤਾ। ਇਸ ਮੌਕੇ ਮਹਿਮਾਨਾਂ ਦੁਆਰਾ ਕਾਲਜ ਦੀ ਗੁਰੂ ਨਾਨਕ ਬਗੀਚੀ ਦੀ ਵਿਜ਼ਿਟ ਵੀ ਕੀਤੀ ਗਈ।
ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਕਾਲਜ ਦੇ ਭਾਈ ਨੰਦ ਲਾਲ ਆਡੀਟੋਰੀਅਮ ਵਿਖੇ ਸਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਾਲਜ ਦੇ 61ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਸ੍ਰ. ਰੱਖੜਾ ਨੇ ਕਿਹਾ ਕਿ ਸਾਨੂੰ ਇਸ ਗੱਲ ’ਤੇ ਅਥਾਹ ਮਾਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਜੀ ਦੀ ਨਿਰੰਤਰ ਸਰਪ੍ਰਸਤੀ ਅਤੇ ਇਸ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੀ ਸੁਯੋਗ ਰਹਿਨੁਮਾਈ ਅਧੀਨ ਖ਼ਾਲਸਾ ਕਾਲਜ ਪਟਿਆਲਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜ ਦੀ ਇਸ ਤਰੱਕੀ ਦਾ ਸਿਹਰਾ ਅਤਿ ਸੁਹਿਰਦ ਅਤੇ ਦੂਰ ਅੰਦੇਸ਼ ਦਿ੍ਰਸ਼ਟੀ ਦੇ ਮਾਲਕ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਸੁਯੋਗ ਅਗਵਾਈ ਅਤੇ ਕਾਲਜ ਸਟਾਫ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ। ਸ੍ਰ. ਰੱਖੜਾ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਖ਼ਾਲਸਾ ਕਾਲਜ ਪਟਿਆਲਾ ਨਾ ਸਿਰਫ਼ ਉੱਤਰੀ ਭਾਰਤ ਦੀ ਹੀ ਸਿਰਮੌਰ ਵਿੱਦਿਅਕ ਸੰਸਥਾ ਹੈ ਸਗੋਂ ਇਹ ਸੰਸਥਾ ਆਪਣੇ ਵਿਦਿਆਰਥੀਆਂ ਦੁਆਰਾ ਵਿੱਦਿਅਕ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਅਤੇ ਅਧਿਆਪਕਾਂ ਦੁਆਰਾ ਅਕਾਦਮਿਕਤਾ ਅਤੇ ਖੋਜ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਰਹੀ ਹੈ। ਸ੍ਰ. ਰੱਖੜਾ ਨੇ ਇਹ ਵੀ ਕਿਹਾ ਕਿ ਇਸੇ ਕਰਕੇ ਹੀ ਕਿਸੇ ਵਿੱਦਿਅਕ ਸੰਸਥਾ ਨੂੰ ਜਿਹੜੇ ਮਾਣ ਸਨਮਾਨ ਮਿਲ ਸਕਦੇ ਹਨ ਉਹ ਇਸ ਸੰਸਥਾ ਨੂੰ ਹਾਸਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ’ਤੇ ਮਾਣ ਹੈ ਕਿ ਇਹ ਸੰਸਥਾ ਨੈਕ ਵੱਲੋਂ ‘ਏ’ ਗ੍ਰੇਡ, ਯੂ.ਜੀ.ਸੀ. ਵੱਲੋਂ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ ਦਾ ਸਟੇਟੱਸ ਅਤੇ ਡੀ.ਬੀ.ਟੀ. ਵੱਲੋਂ ਸਟਾਰ ਕਾਲਜ ਦਾ ਸਟੇਟਸ ਪ੍ਰਾਪਤ ਹੈ। ਇਹ ਕਾਲਜ ਇੰਟਰਨੈਸ਼ਨਲ ਬਰਾਂਡ ਕੰਸਲਟਿੰਗ ਕਾਰਪੋਰੇਸ਼ਨ ਯੂ.ਐੱਸ.ਏ. ਦੁਆਰਾ ‘ਏਸ਼ੀਆਜ਼ ਐਜੂਕੇਸ਼ਨ ਐਵਾਰਡ-2019’ ਨਾਲ ਸਨਮਾਨਿਤ ਹੈ।
ਸ੍ਰ. ਸਤਵਿੰਦਰ ਸਿੰਘ ਟੌਹੜਾ ਨੇ ਆਪਣੇ ਭਾਸ਼ਣ ਦੌਰਾਨ ਸਾਰਿਆਂ ਨੂੰ ਇਸ ਸ਼ੁੱਭ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਸ੍ਰ. ਟੌਹੜਾ ਨੇ ਕਿਹਾ ਕਿ ਇਸ ਸੰਸਥਾ ਦੇ ਉੱਚ ਮੁਕਾਮ ’ਤੇ ਪਹੁੰਚਣ ਪਿੱਛੇ ਇਸ ਦੇ ਸਾਰੇ ਸਟੇਕ ਹੋਲਡਰਾਂ ਭਾਵ ਸੰਸਥਾ ਨੂੰ ਸਥਾਪਿਤ ਕਰਨ ਵਾਲੀਆਂ ਅਹਿਮ ਅਤੇ ਨੇਕ ਰੂਹਾਂ, ਦਾਨੀ ਸੱਜਣਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ, ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਸਟਾਫ ਦੀ ਲੰਮੀ ਘਾਲਣਾ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ।
ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪੱਦਮ ਸ੍ਰੀ ਡਾ. ਖੁਸ਼ਦੇਵਾ ਸਿੰਘ ਅਤੇ ਉੱਘੇ ਸਿੱਖ ਹਿਸਟੋਰੀਅਨ ਡਾ. ਗੰਡਾ ਸਿੰਘ ਜੀ ਦੇ ਇਸ ਕਾਲਜ ਦੀ ਸਥਾਪਨਾ ਅਤੇ ਬੁਲੰਦੀਆਂ ਨੂੰ ਛੂਹਣ ਦੇ ਲਏ ਗਏ ਸੁਪਨੇ ਨੂੰ ਸਾਕਾਰ ਹੁੰਦਿਆਂ ਹੋਇਆਂ ਦੇਖਦੇ ਹੋਏ ਅਥਾਹ ਖੁਸ਼ੀ ਹੁੰਦੀ ਹੈ। ਡਾ. ਉੱਭਾ ਨੇ ਕਿਹਾ ਕਿ ਇਸ ਸੰਸਥਾ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਆਪਣੇ ਪੂੁਰਵਜਾਂ ਦੇ ਦੱਸੇ ਹੋਏ ਮਾਰਗ ਨੂੰ ਅਪਣਾਉਂਦੇ ਹੋਏ ਅਜਿਹੀ ਕੌਮਾਂ ਦੇ ਭਾਗੀਦਾਰ ਬਣੀਏ ਜੋ ਆਉਣ ਵਾਲੀਆ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣ ਸਕਣ। ਡਾ. ਉੱਭਾ ਨੇ ਇਸ ਗੱਲ ’ਤੇ ਵੀ ਖੁਸ਼ੀ ਪ੍ਰਗਟਾਈ ਕਿ ਇਸ ਸੰਸਥਾ ਦੀਆਂ ਕਾਮਰਸ ਅਤੇ ਮੈਨੇਜਮੈਂਟ, ਆਰਟਸ, ਐਗਰੀਕਲਚਰ, ਕੰਪਿਊਟਰ, ਸਾਇੰਸ ਫੈਕਲਟੀਆਂ ਅਤੇ ਕਮਿਊਨਿਟੀ ਕਾਲਜ ਵਿਚ ਪ੍ਰੰਪਰਾਗਤ ਕੋਰਸਾਂ ਦੇ ਨਾਲ-ਨਾਲ ਕਿੱਤਾ-ਮੁਖੀ ਅਤੇ ਹੁਨਰ ਵਿਕਾਸ ਦੇ ਕੋਰਸ ਵੀ ਚੱਲ ਰਹੇ ਹਨ। ਜਿਸ ਕਰਕੇ ਇੱਥੇ ਤਾਲੀਮ ਹਾਸਲ ਕਰਨ ਵਾਲੇ ਵਿਦਿਆਰਥੀ ਹਰ ਸੈਸ਼ਨ ਦੌਰਾਨ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਰੁਜ਼ਗਾਰ ਹਾਸਲ ਕਰ ਰਹੇ ਹਨ ਅਤੇ ਉੱਚ ਵਿੱਦਿਆ ਪ੍ਰਾਪਤੀ ਲਈ ਵੀ ਜਾ ਰਹੇ ਹਨ। ਡਾ. ਉੱਭਾ ਨੇ ਇਹ ਵੀ ਕਿਹਾ ਕਿ ਕਿਸੇ ਵੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਉਸ ਦਾ ਕੀਮਤੀ ਸਰਮਾਇਆ ਹੁੰਦੇ ਹਨ। ਸਾਨੂੰ ਇਸ ਗੱਲ ’ਤੇ ਵੀ ਮਾਣ ਹੈ ਕਿ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਸਾਡੇ ਪੁਰਾਣੇ ਵਿਦਿਆਰਥੀ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਹਨ ਅਤੇ ਇਸ ਸੰਸਥਾ ਦੇ ਨਿਰੰਤਰ ਵਿਕਾਸ ਨਾਲ ਜੁੜੇ ਹੋਏ ਹਨ।
ਇਸ ਸਮਾਗਮ ਵਿਚ ਕਾਲਜ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ ਅਤੇ ਇਸ ਸੰਸਥਾ ਦੇ ਭਵਿੱਖ ਵਿਚ ਵੀ ਚੜ੍ਹਦੀ ਕਲਾ ਵਿਚ ਰਹਿਣ ਲਈ ਅਰਦਾਸ ਕੀਤੀ।

