ਪੰਜਾਬ

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾ ਨਾ ਕਰਵਾਉਣਾ ਇਸ ਦੇ ਜਮਹੂਰੀ ਢਾਂਚੇ ਨੂੰ ਖਤਮ ਕਰਨ ਤੇ ਪੂਰੀ ਤਰਾਂ ਕੇਂਦਰ ਸਰਕਾਰ ਦੇ ਹੇਠ ਲੈਣ ਦੀ ਡੂੰਘੀ ਸਾਜਿਸ਼-ਡਾ ਹਰਜੋਧ ਸਿੰਘ

ਸੰਘਰਸ਼ ਦਾ ਕਾਫ਼ਲਾ ਲੰਮਾ ਹੋ ਰਿਹਾ’

ਚੰਡੀਗੜ, 28 ਅਗਸਤ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਸੈਨੇਟ ਚੋਣਾਂ ਨਾ ਕਰਵਾਉਣ ਪਿੱਛੇ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਖਤਮ ਕਰਨ, ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਤੋਂ ਪਾਸਾ ਵੱਟਣ ਅਤੇ ਇਸ ਨੂੰ ਪੂਰੀ ਤਰਾਂ ਕੇਂਦਰ ਸਰਕਾਰ ਦੇ ਹੇਠ ਲੈਣ ਦੀ ਡੂੰਘੀ ਸਾਜਿਸ਼ ਹੈ।

ਇਹ ਪ੍ਰਗਟਾਵਾ ਯੂਨੀਵਰਸਿਟੀ ਸੈਨਟ ਚੋਣਾਂ ਕਰਵਾਉਣ ਦੀ ਮੰਗ ਚੱਲ ਰਹੇ ਸੰਘਰਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ਾਮਲ ਸੈਨੇਟਰ ਡਾ. ਹਰਜੋਧ ਸਿੰਘ ਨੇ ਕੀਤਾ ਹੈ। ਉਨਾਂ ਦਾ ਕਹਿਣਾ ਹੈ ਪੰਜਾਬ ਯੂਨੀਵਰਸਿਟੀ ਦੇਸ਼ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਸ ਦਾ ਉੱਚ ਦਰਜੇ ਦਾ ਜਮਹੂਰੀ ਪ੍ਰਸਾਸ਼ਨਿਕ ਢਾਂਚਾਂ ਇਸ ਦੀ ਸ਼ੁਰੂਆਤ ਤੋਂ ਹੀ ਚਲਿਆ ਆ ਰਿਹਾ ਹੈ। ਇਸ ਢਾਂਚੇ ਦੇ ਹੇਠ ਯੂਨੀਵਰਸਿਟੀ ਨੇ ਨਾ ਕੇਵਲ ਦੁਨੀਆਂ ਭਰ ਵਿੱਚ ਆਪਣਾ ਸਥਾਨ ਬਣਾਇਆ ਹੈ ਸਗੋਂ ਇਸ ਨੇ ਵਿਦਿਆਰਥੀਆਂ ਨੂੰ ਵਾਜਿਬ ਫੀਸਾਂ ’ਤੇ ਸਿੱਖਿਆ ਮੁਹੱਈਆ ਕਰਵਾਈ ਹੈ। ਇਸ ਵੇਲੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਇਸ ਦੀ ਘੱਟ ਫੀਸ ਹੈ। ਇਸ ਕਰਕੇ ਇਸ ਯੂਨੀਵਰਸਿਟੀ ਤੋਂ ਅਨੇਕਾਂ ਗਰੀਬ ਵਿਦਿਆਰਥੀਆਂ ਨੇ ਸਿੱਖਿਆ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ ਹੈ। ਇਹ ਸਭ ਕੁੱਝ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਦੇ ਕਾਰਨ ਸੰਭਵ ਹੋ ਸਕਿਆ ਹੈ ਜਿਸ ਵਿੱਚ ਸੈਨੇਟ ਦੇ ਚੁਣੇ ਹੋਏ ਮੈਂਬਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਡਾ. ਹਰਜੋਧ ਸਿੰਘ ਅਨੁਸਾਰ ਹੁਣ ਕੇਂਦਰ ਸਰਕਾਰ ਅਤੇ ਯੂਨੀਵਰਸਿਟੀ ਪ੍ਰਸਾਸ਼ਨ ਇਸੇ ਜਮਹੂਰੀ ਢਾਂਚੇ ਨੂੰ ਖਤਮ ਕਰਨ ’ਤੇ ਉਤਰੇ ਹੋਏ ਹਨ ਤਾਂ ਜੋ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਆਪਣੇ ਮਨਮਾਣੇ ਢੰਗ ਨਾਲ ਚਲਾਇਆ ਜਾ ਸਕੇ। ਇਸ ਦਾ ਪ੍ਰਗਟਾਵਾ ਇਸ ਵੱਲੋਂ ਵਾਰ ਵਾਰ ਚੋਣਾਂ ਮੁਲਤਵੀ ਕਰਨ ਅਤੇ ਅਜੇ ਤੱਕ ਵੀ ਕੋਈ ਸਪਸ਼ਟ ਤਰੀਕ ਨਾ ਨਿਰਧਾਰਤ ਕਰਨ ਤੋਂ ਹੁੰਦਾ ਹੈ।

ਡਾ. ਹਰਜੋਧ ਸਿੰਘ ਨੇ ਕਿਹਾ ਹੈ ਕਿ ਉਨਾਂ ਵੱਲੋਂ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਬਚਾਉਣ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਜੋ ਗਰੀਬ ਵਿਦਿਆਰਥੀ ਇਸ ਦੀ ਮਿਆਰੀ ਸਿੱਖਿਆ ਲਗਾਤਾਰ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਇਸ ਸੰਘਰਸ਼ ਦਾ ਕਾਫ਼ਲਾ ਲਗਾਤਾਰ ਲੰਮਾਂ ਹੋ ਰਿਹਾ ਹੈ। ਇਸ ਸੰਘਰਸ਼ ਵਿੱਚ ਵੱਖ ਵੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਯੂਨੀਅਨਾਂ ਵੀ ਵੀ ਸ਼ਾਮਲ ਹੋ ਗਏ ਹਨ। ਅਮਿਤੋਜ ਮਾਨ, ਬੱਬੂ ਮਾਨ, ਸੋਨੀਆ ਮਾਨ, ਕੰਵਰ ਗਰੇਵਾਲ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਕੁਲਤਾਰ ਸੰਧਵਾਂ ਆਦਿ ਨੇ ਵੀ ਇਸ ਸੰਘਰਸ਼ ਨੂੰ ਤੇਜ਼ ਕਰਨ ਵਿੱਚ ਭੂਮਿਕਾ ਨਿਭਾਈ ਹੈ। ਉਨਾਂ  ਕਿਹਾ ਕਿ ਉਹ ਜਿੱਤ ਤੱਕ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਉਨਾਂ ਨੇ ਪੰਜਾਬ ਦੀ ਇਸ ਸ਼ਾਨੀਮੱਤੀ ਯੂਨੀਵਰਸਿਟੀ ਨੂੰ ਬਚਾਉਣ ਦੇ ਵਾਸਤੇ ਹੋਰਨਾਂ ਵਰਗ ਨੂੰ ਵੀ ਸੰਘਰਸ਼ ਵਿੱਚ ਕੁੱਦਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *