1.87 ਕਰੋੜ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਰਹਿੰਦਿਆਂ ਸੜਕਾਂ
ਪ੍ਰਮੁੱਖ ਸੜਕਾਂ ‘ਤੇ ਸਥਾਪਤ ਹੋਣਗੇ ਡਿਸਪਲੇਅ ਬੋਰਡ
ਪਟਿਆਲਾ 1 ਸਤੰਬਰ (ਮਧੂਸਾਰ ਬਿਊਰੋ) ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਨਗਰ ਨਿਗਮ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ 1 ਕਰੋੜ 87 ਲੱਖ ਰੁਪਏ ਨਾਲ ਉਹਨਾਂ ਸੜਕਾਂ ਨੂੰ ਨਵਾਂ ਰੂਪ ਦਵੇਗਾ, ਜੋ ਅਜੇ ਤੱਕ ਤਕਨੀਕੀ ਕਾਰਣ ਕਰਕੇ ਬਣਾਈਆੰ ਨਹੀੰ ਜਾ ਸਕੀਆਂ ਸਨ। ਐਫ ਐਂਡ ਸੀ.ਸੀ ਮੀਟਿੰਗ ਦੌਰਾਨ ਬੁੱਧਵਾਰ ਨੂੰ ਇਸ ਮਤੇ ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸਦੇ ਨਾਲ ਹੀ, ਨਗਰ ਨਿਗਮ ਸ਼ਹਿਰ ਦੀਆੰ ਪ੍ਰਮੁਖ ਸੜਕਾਂ ਤੇ ਲੋਕਾਂ ਦੀ ਜਾਣਕਾਰੀ ਲਈ ਡਿਸਪਲੇ ਬੋਰਡ ਲਗਾਉਣ ਜਾ ਰਿਹਾ ਹੈ।
ਇਸ ਲਈ ਬੈਠਕ ਦੌਰਾਨ 45 ਲੱਖ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ। ਨਾਲ ਹੀ ਚਾਂਦਨੀ ਚੌਕ ਤੋਂ ਭਾਸ਼ਾ ਵਿਭਾਗ ਤੱਕ ਦੀ ਸੜਕ ‘ਤੇ 11 ਲੱਖ 28 ਹਜ਼ਾਰ ਰੁਪਏ ਦੀਆਂ ਸਟਰੀਟ ਲਾਈਟਾਂ ਲਗਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਐਫ ਐਂਡ ਸੀ ਸੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਅਧੀਨ ਆਉਂਦੀਆਂ 665 ਕਿਲੋਮੀਟਰ ਲੰਬੀਆਂ ਸੜਕਾਂ ਵਿੱਚੋਂ ਲਗਭਗ 80 ਪ੍ਰਤੀਸ਼ਤ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ। ਸ਼ਹਿਰ ਦੀਆਂ ਸੜਕਾਂ, ਜੋ ਕਿ ਤਕਨੀਕੀ ਕਾਰਨਾਂ ਕਰਕੇ ਮੁਕੰਮਲ ਨਹੀਂ ਹੋ ਸਕੀਆਂ, ਨੂੰ ਇਸ ਵਾਰ ਦੀ ਐਫ ਐਂਡ ਸੀ ਸੀ ਮੀਟਿੰਗ ਵਿੱਚ ਇਜਾਜ਼ਤ ਦੇ ਦਿੱਤੀ ਗਈ ਹੈ। ਮੇਅਰ ਨੇ ਕਿਹਾ ਕਿ ਐਫ ਐਂਡ ਸੀ ਸੀ ਦੀ ਪਿਛਲੀ ਮੀਟਿੰਗ 28 ਜੁਲਾਈ, 2021 ਨੂੰ ਹੋਈ ਸੀ ਅਤੇ ਇਹ ਫੈਸਲਾ ਲਿਆ ਗਿਆ ਸੀ ਕਿ ਜਿਨ੍ਹਾਂ ਖੇਤਰਾਂ ਵਿੱਚ ਇੰਟਰ-ਲਾਕਿੰਗ ਟਾਈਲਾਂ ਕਿਸੇ ਕਾਰਨ ਦੱਬ ਗਈਆਂ ਹਨ ਜਾਂ ਕਿਸੇ ਵੀ ਹਿੱਸੇ ਵਿੱਚ ਨਵਾਂ ਪਾਣੀ ਕੁਨੈਕਸ਼ਨ ਜਾਂ ਸੀਵਰੇਜ ਕੁਨੈਕਸ਼ਨ ਲੈਣ ਕਰਕੇ ਸੜਕਾਂ ਵਿੱਚ ਕੱਟ ਪਏ ਹਨ, ਨੂੰ ਸਹੀ ਕਰਨ ਲਈ ਵੱਖਰੇ ਤੌਰ ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ ਪਹਿਲੇ ਪੜਾਅ ਵਿੱਚ ਇਹ ਪ੍ਰਕਿਰਿਆ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਮੁਕੰਮਲ ਕੀਤੀ ਜਾ ਰਹੀ ਹੈ, ਪਰ ਦੂਜੇ ਪੜਾਅ ਵਿੱਚ ਇਸ ਨੂੰ ਵਾਰਡ ਪੱਧਰ’ ਤੇ ਠੀਕ ਕੀਤਾ ਜਾਵੇਗਾ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਵੱਧ ਰਹੀ ਟ੍ਰੈਫਿਕ ਸਮੱਸਿਆ ਬਾਰੇ ਵਿਚਾਰ ਕਰਦੇ ਹੋਏ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਵਧੀਆ ਟ੍ਰੈਫਿਕ ਵਿਵਸਥਾ ਮੁਹੱਈਆ ਕਰਵਾਉਣ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ ਜਲਦੀ ਹੀ ਟ੍ਰੈਫਿਕ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਇੱਕ ਰੋਡ ਮੈਪ ਤਿਆਰ ਕੀਤਾ ਜਾਵੇਗਾ। ਖਰੀਦਦਾਰੀ ਲਈ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਚਾਰ ਪਹੀਆ ਵਾਹਨਾਂ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਪਾਰਕ ਵਾਹਨਾਂ ਲਈ ਵੀ ਸਮਾਂ ਨਿਸ਼ਚਿਤ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਾਜ਼ਾਰਾਂ ਵਿੱਚ ਤਿਉਹਾਰਾਂ ਦੇ ਸੀਜਨ ਦੌਰਾਨ ਪਾਰਕਿੰਗ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਐਫ ਐਂਡ ਸੀ.ਸੀ ਦੀ ਮੀਟਿੰਗ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, F&CC ਮੈਂਬਰ ਕੌਂਸਲਰ ਹਰਵਿੰਦਰ ਸ਼ੁਕਲਾ, ਕੌਂਸਲਰ ਅਨਿਲ ਮੋਦਗਿਲ, F&CC ਵਿਸ਼ੇਸ਼ ਮਹਿਮਾਨ ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਐਸਸੀ ਸ਼ਾਮ ਲਾਲ ਗੁਪਤਾ, ਐਸਸੀ ਜੋਗਿੰਦਰ ਸਿੰਘ, ਐਕਸ. ਨਰਾਇਣ ਦਾਸ, ਐਕਸੀਅਨ ਰਾਜਪਾਲ ਸਿੰਗਲਾ, ਸੈਕਟਰੀ ਰਬਦੀਪ ਸਿੰਘ, ਸੈਕਟਰੀ ਸੁਨੀਲ ਮਹਿਤਾ, ਡੀਸੀਐਫਏ ਨੀਰਜ ਕੁਮਾਰ, ਸੁਪਰਡੈਂਟ ਗੁਰਵਿੰਦਰ ਸਿੰਘ, ਸੁਪਰਡੈਂਟ ਰਮਿੰਦਰ ਸਿੰਘ ਅਤੇ ਸੰਜੀਵ ਗਰਗ, ਹੋਰ ਵਿਭਾਗਾਂ ਦੇ ਅਧਿਕਾਰੀ ਪ੍ਰਮੁੱਖ ਤੌਰ ਤੇ ਹਾਜ਼ਰ ਸਨ।

