ਬੁੱਢਾ ਦਲ ਵੱਲੋਂ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਹਨੂੰਮਾਨਗੜ੍ਹ ਵਿਖੇ ਹੋਣਗੇ ਗੁਰਮਤਿ ਸਮਾਗਮ:ਸਕੱਤਰ ਬੁੱਢਾ ਦਲ
ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਚੜ੍ਹੇਗਾ ਮਹੱਲਾ
ਤਲਵੰਡੀ ਸਾਬੋ, 02 ਸਤੰਬਰ-(ਮਧੂਸਾਰ ਬਿਊਰੋ)ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ 18 ਸਦੀ ਤੋਂ ਸਥਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾਂ ਜੀ ਦਾ ਸਲਾਨਾ ਜੋੜਮੇਲਾ ਛਾਉਣੀ ਬੁੱਢਾ ਦਲ ਹਨੂੰਮਾਨਗੜ੍ਹ ਟਾਊਨ ਰਾਜਿਸਥਾਨ ਵਿਖੇ 7 ਤੋਂ 9 ਸਤੰਬਰ ਤੀਕ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕੌਮ ਦੇ ਮਹਾਨ ਯੋਧੇ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਹਨੂੰਮਾਨਗੜ੍ਹ ਟਾਊਨ ਰਾਜਸਥਾਨ ਵਿਖੇ 7 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 9 ਸਤੰਬਰ 2021 ਨੂੰ ਭੋਗ ਪੈਣਗੇ।ਉਨ੍ਹਾਂ ਕਿਹਾ ਕੌਮਾਂ ਨੂੰ ਵਿਰਾਸਤ ਵਿਰਸੇ ‘ਚ ਮਿਲਦੀ ਹੈ।ਇਸ ਵਿੱਚ ਕੁਰਬਾਨੀਆਂ, ਜ਼ੁਲਮ ਤੇ ਜਬਰ ਸਹਿਣ ਦੀਆਂ ਯਾਦਾਂ, ਜਿੱਤਾਂ, ਸਵੈਮਾਣ ਦੇ ਪਲ, ਲਿਖਤਾਂ, ਮੂੰਹ ਜਬਾਨੀ ਦੱਸੀਆਂ ਬਾਤਾਂ, ਲੋਕ ਸਾਹਿਤ, ਇਮਾਰਤਾਂ, ਮੌਜੂਦ ਹੁੰਦੇ ਹਨ।ਗੌਰਵਮਈ ਕੌਮਾਂ ਹੀ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਆਪਣੇ ਨਾਇਕਾਂ/ਜਰਨੈਲਾਂ ਨੂੰ ਯਾਦ ਕਰਦੀਆਂ ਹਨ।
ਉਨਹਾਂ ਕਿਹਾ ਕਿ ਕਈ ਸਥਾਨ ਕੁਝ ਖਾਸ ਮਹੱਤਵਪੂਰਨ ਘਟਨਾਵਾਂ ਕਾਰਨ ਇਤਿਹਾਸਕ ਬਣ ਜਾਂਦੇ ਹਨ।ਉਨ੍ਹਾਂ ਇਤਿਹਾਸ ਦੇ ਹਵਾਲੇ ਦੇਂਦਿਆਂ ਕਿਹਾ ਯਕਰੀਆਂ ਖਾਨ ਜੋ ਕਿ ਲਾਹੌਰ ਦਾ ਗਵਰਨਰ ਸੀ ਨੇ ਮੱਸੇ ਰੰਘੜ ਨੂੰ ਅੰਮ੍ਰਿਤਸਰ ਦਾ ਮੁੱਖੀ ਨਿਯੁਕਤ ਕਰ ਦਿੱਤਾ ਤੇ ਉਸ ਨੇ ਹਰਿਮੰਦਰ ਸਾਹਿਬ ਨੂੰ ਅਯਾਸ਼ੀ ਦਾ ਅੱਡਾ ਬਣਾ ਦਿੱਤਾ ਸੀ।ਜਦੋਂ ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪਤਾ ਲੱਗਾ ਤਾਂ ਉਨ੍ਹਾਂ ਨਿਹੰਗ ਸਿੰਘ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਨੂੰ ਮੱਸੇ ਰੱਘੜ ਨੂੰ ਸੋਧਣ ਵਾਸਤੇ ਅੰਮ੍ਰਿਤਸਰ ਸਾਹਿਬ ਭੇਜਿਆ।ਇਹ ਦੋਹਾਂ ਨਿਹੰਗ ਸਿੰਘਾਂ ਨੇ ਮੱਸੇ ਰੰਘੜ ਦਾ ਸਿਰ ਵੱਢ ਕੇ ਨੇਜੇ ਉੱਪਰ ਟੰਗ ਕੇ ਬੁੱਢਾ ਜੋਹੜ ਨੂੰ ਵਾਪਸੀ ਸਮੇਂ ਇਸ ਅਸਥਾਨ ਹਨੂੰਮਾਨਗੜ੍ਹ ਟਾਊਨ ਵਿਖੇ ਪੜਾਉ ਕੀਤਾ ਸੀ।ਇਸ ਇਤਹਿਾਸਕ ਪੜਾਓ ਅਸਥਾਨ ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਗੁਰ ਇਤਿਹਾਸ, ਪੁਰਾਤਨ ਸਿੰਘਾਂ ਦੀਆਂ ਕੁਰਬਾਨੀਆਂ, ਸਿੱਖ ਰਹਿਤ ਮਰਯਾਦਾ ਨੂੰ ਸੁਰਜੀਤ ਰੱਖਣ ਲਈ ਵਿਚਾਰਾਂ ਤੋਂ ਇਲਾਵਾ ਸਿੰਘ ਸਾਹਿਬ ਪੰਥ ਦੀ ਚੜ੍ਹਦੀਕਲਾ ਤੇ ਆਲਮਾਨਾਂ ਵਿਚਾਰਾਂ ਰਾਹੀਂ ਨਵੀਂ ਸੇਧ ਦੇਣ ਲਈ ਪ੍ਰੋਗਰਾਮ ਉਲੀਕਣਗੇ।ਉਪਰੰਤ ਨੀਲਾਂਬਰੀ ਨਿਸ਼ਾਨ ਸਾਹਿਬਾਨ ਦੀ ਤਾਬਿਆ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਸੁਹਿਰਦ ਅਗਵਾਈ ਹੇਠ ਮਹੱਲਾ ਨਿਕਲੇਗਾ।ਇਨਾਂ ਧਾਰਮਿਕ ਦੀਵਾਨਾਂ ਵਿੱਚ ਤਖ਼ਤਾਂ ਦੇ ਸਿੰਘ ਸਾਹਿਬਾਨ, ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸੰਤਾਂ-ਮਹਾਂਪੁਰਸ਼, ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ,ਸਮਾਜਿਕ ਪ੍ਰਮੁੱਖ ਸਖਸ਼ੀਅਤਾਂ ਅਤੇ ਹਨੂੰਮਾਨਗੜ੍ਹ ਦੀਆਂ ਸੰਗਤਾਂ ਹੁੰਮਹਮਾ ਕੇ ਹਾਜ਼ਰੀ ਭਰਨਗੀਆਂ।ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੇ ਲਾਇਸੰਸ ਪੁਰਾਣੇ ਰੀਨਿਊ ਕੀਤੇ ਜਾਣਗੇ।ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ।ਗੁਰੂ ਕਾ ਲੰਗਰ ਅਤੁੱਟ ਚੱਲਣਗੇ।

