ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਮੁਲਾਜਮਾਂ ਵੱਲੋਂ ਸ਼ਾਹੀ ਸ਼ਹਿਰ ਵਿੱਚ ਰੋਸ ਮਾਰਚ ਕੀਤਾ।
ਪਟਿਆਲਾ 02 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਹਤ ਵਿਭਾਗ, ਮੈਡੀਕਲ ਖੋਜ ਸਿੱਖਿਆ ਅਤੇ ਸਰਕਾਰੀ—ਅਰਧ ਸਰਕਾਰੀ ਵਿਭਾਗਾਂ ਦੇ ਵਰਕਚਾਰਜ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ (ਪੈਰਾ ਮੈਡੀਕਲ ਨਰਸਿੰਗ — ਦਰਜਾਚਾਰ ਸਮੇਤ ਮਲਟੀਟਾਸਕ ਵਰਕਰਾਂ) ਨੇ ਸਾਂਝੇ ਤੌਰ ਤੇ ਆਪਣੀਆਂ ਨੌਕਰੀਆਂ ਪੱਕਿਆ ਕਰਵਾਉਣ, “ਬਰਾਬਰ ਕੰਮ ਬਰਾਬਰ” ਤਨਖਾਹਾਂ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਪੁਨਰਗਠਨ ਸਮੇਂ ਵਿਚਲਿਆਂ ਖਤਮ ਕੀਤੀਆਂ ਲਗਭਗ ਸਵਾ ਲੱਖ ਪੱਕੀਆਂ ਅਸਾਮੀਆਂ ਮੁੜ ਸੁਰਜੀਤ ਕਰਵਾਉਣ, ਚੋਥਾ ਦਰਜਾ ਮੁਲਾਜਮਾਂ ਦੀਆਂ ਅਸਾਮੀਆਂ ਨੂੰ ਸਰਕਾਰ ਨੇ “ਡਾਇਗ ਕੇਡਰ” ਵਿੱਚ ਪਾਕੇ ਭਵਿੱਖ ਵਿੱਚ ਅਸਾਮੀਆਂ ਦਾ ਪੱਕੇ ਤੌਰ ਤੇ ਭੋਗ ਪਾਉਣ ਅਤੇ ਮਲਟੀਟਾਸਕ ਸਟਾਫ (ਆਊਟ ਸੋਰਸ) ਦੇ ਨਵੇ ਆਹੁਦੇ ਦੀ ਕੀਤੀ ਰਚਨਾ ਨੂੰ ਵਾਪਸ ਕਰਵਾਉਣ ਸਮੇਤ 2004 ਦੀ ਪੈਨਸ਼ਨ ਬਹਾਲ ਕਰਵਾਉਣ ਅਤੇ ਨਵੇਂ ਤਨਖਾਹ ਸਕੇਲਾਂ ਦੇ ਨਾਉ ਤੇ ਮੁਲਾਜਮਾਂ ਨਾਲ ਵੱਡੀ ਬੇਇਨਸਾਫੀ ਕਰਨ ਸਮੇਤ ਅਨੇਕਾਂ ਵਿਭਾਗੀ ਮੰਗਾਂ ਨੂੰ ਲੈ ਕੇ ਸਾਰੀ ਸ਼ਹਿਰ ਵਿੱਚ ਰੋਸ ਮਾਰਚ ਕੀਤਾ।
ਕੱਚੇ ਅਤੇ ਪੱਕੇ ਮੁਲਾਜਮ ਸਵੇਰੇ ਰਜਿੰਦਰਾ ਹਸਪਤਾਲ ਕੰਪਲੈਕਸ ਵਿੱਚ ਇਕੱਠੇ ਹੋਏ, ਇੱਥੋਂ ਕਰੋਨਾ ਯੋਧੇ ਜਿਹਨਾਂ ਨਾਲ ਸਰਕਾਰ ਇੰਨਸਾਫ ਨਹੀਂ ਕਰ ਰਹੀ ਆਪਦੀਆਂ ਪੀ.ਪੀ.ਈ. ਕਿੱਟਾਂ ਪਹਿਨ ਕੇ ਮਾਰਚ ਵਿੱਚ ਸ਼ਾਮਲ ਹੋਏ, ਇਹ ਮਾਰਚ ਰਜਿੰਦਰਾ ਹਸਪਤਾਲ ਤੋਂ ਚਲਕੇ ਛੋਟੀ ਬਾਰਾਦਰੀ ਤੋਂ ਹੁੰਦਾ ਹੋਇਆ, ਟੀ.ਬੀ. ਹਸਪਤਾਲ ਰੋਡ, ਲਾਹੋਰੀ ਗੇਟ ਤੋਂ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿਖੇ ਪਹੁੰਚ ਕੇ ਇਥੇ ਵਿਸ਼ਾਲ ਰੈਲੀ ਕੀਤੀ ਤੇ ਪੰਜਾਬ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ, ਇਸ ਮੌਕੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਵੀ ਪਿੱਟ ਸਿਆਪਾ ਕੀਤਾ ਦੋ ਘੰਟੇ ਜੰਮ ਕੇ ਰੈਲੀ ਕਰਨ ਉਪਰੰਤ ਮੁਲਾਜਮਾਂ ਦਾ ਕਾਫਲਾ ਮਾਲ ਰੋਡ ਤੋਂ ਚੱਲ ਕੇ ਸ਼ੇਰਾਵਾਲਾ ਗੇਟ ਚੌਂਕ ਜਾਮ ਕੀਤਾ ਗਿਆ। ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਕੱਲ ਦੇ ਵਿਧਾਨ ਸਭਾ ਸ਼ੈਸ਼ਨ ਵਿੱਚ ਮੁਲਾਜਮ ਮੰਗਾਂ ਸਮੇਤ ਸਾਰੇ ਵਰਗਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਨਾ ਲਿਆ ਗਿਆ ਤਾਂ ਅਗਲੇ ਦਿਨ ਮੁੜ ਮੁਲਾਜਮ “ਅਰਥੀ ਫੂੱਕ ਘੜੇ ਭੰਨ ਰੈਲੀ” ਕਰਨਗੇ ਅਤੇ ਮੁਲਾਜਮ ਤੇ ਪੈਨਸ਼ਨ ਫਰੰਟ ਦੇ ਐਕਸ਼ਨਾਂ ਵਿੱਚ ਸ਼ਾਮਲ ਹੋਣਗੇ।
ਅੱਜ ਦੇ ਐਕਸ਼ਨ ਦੀ ਅਗਵਾਈ ਮੁਲਾਜਮਾਂ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਸਵਰਣ ਸਿੰਘ ਬੰਗਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਪ੍ਰੀਤਮ ਚੰਦ ਠਾਕੁਰ, ਮਾਧੋ ਲਾਲ, ਰਾਮ ਪ੍ਰਸਾਦ ਸਹੋਤਾ, ਜਸਵੰਤ ਸਿੰਘ, ਸੁਖਦੇਵ ਸਿੰਘ ਝੰਡੀ, ਰਾਮ ਲਾਲ ਰਾਮਾ, ਅਨਿਲ ਕੁਮਾਰ, ਬਲਬੀਰ ਸਿੰਘ, ਜਗਤਾਰ ਲਾਲ, ਇੰਦਰਪਾਲ ਵਾਲਿਆ ਅਰੁਣ ਕੁਮਾਰ, ਰਾਜੇਸ਼ ਕੁਮਾਰ ਗੋਲੂ,ਅਜੈ ਕੁਮਾਰ ਸੀਪਾ, ਅਮਨ ਕੁਮਾਰ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।

