ਪੰਜਾਬ

ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਤੇ ਇੱਕ ਹੋਰ ਮਾਰਿਆ ਵੱਡਾ ਡਾਕਾ – ਰਾਜੂ ਖੰਨਾ।

ਸਹਿਕਾਰੀ ਸਭਾਵਾਂ ਵਿੱਚ 80 ਫੀਸਦੀ ਦੀ ਥਾਂ 50 ਫੀਸਦੀ ਕੀਤੀ ਖਾਦ ਦੀ ਸਪਲਾਈ।

ਪ੍ਰਾਈਵੇਟ ਡੀਲਰਾਂ ਨੂੰ 50 ਫੀਸਦੀ ਤੋਂ 80 ਫੀਸਦੀ ਕੀਤਾ ਖਾਦ ਦਾ ਕੋਟਾ।

ਅਮਲੋਹ, 9 ਸਤੰਬਰ, ਮਧੂਸਾਰ ਬਿਊਰੋ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿੱਥੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨੀ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਗਈ ਉੱਥੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨਾਂ ਦੇ ਹੱਕਾਂ ਤੇ ਇੱਕ ਹੋਰ ਵੱਡਾ ਡਾਕਾ ਖਾਦ ਦੀ 30 ਫੀਸਦੀ ਸਪਲਾਈ ਘਟਾ ਕੇ ਮਾਰਿਆ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿੱ  ਥੇ ਸਹਿਕਾਰੀ ਸਭਾਵਾਂ ਵਿੱਚ ਖਾਦ ਦਾ ਕੋਟਾ 80 ਫੀਸਦੀ ਕਿਸਾਨਾਂ ਨੂੰ ਦਿੱਤਾ ਜਾਂਦਾ ਸੀ ਉਸ ਨੂੰ ਘਟਾ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ 50 ਫੀਸਦੀ ਕਰ ਦਿੱਤਾ ਗਿਆ ਹੈ।

ਤੇ ਪ੍ਰਾਈਵੇਟ ਡੀਲਰਾਂ ਦਾ ਕੋਟਾ ਜਿਹੜਾ ਕਿ 50 ਫੀਸਦੀ ਸੀ ਉਸ ਨੂੰ ਵਧਾ ਕੇ 80 ਫੀਸਦੀ ਕਰ ਦਿੱਤਾ ਗਿਆ ਹੈ। ਜਿਹੜਾ ਕਿ ਕਿਸਾਨਾਂ ਨਾਲ ਵੱਡਾ ਧੱਕਾ ਹੈ। ਉਹਨਾਂ ਕਿਹਾ ਕਿ ਇਸ ਨਾਲ ਖਾਦ ਦੀ ਕਾਲਾ ਬਜਾਰੀ ਵਧੇਗੀ ਕਿਉਂਕਿ ਇਹ ਸਰਕਾਰੀ ਹੱਥਾਂ ਤੋਂ ਖੌਹ ਕੇ ਪ੍ਰਾਈਵੇਟ ਡੀਲਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਖਾਦ ਦਾ ਸੰਕਟ ਆਉਣਾ ਵੀ ਤੈਅ ਹੈ। ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਹੇ ਹਨ। ਪੰਜਾਬ ਚ  ਕਣਕ ਲਈ ਖਾਦ ਦੀ ਹੁਣ ਤੋਂ ਹੀ ਅਗਾਉਂ ਪ੍ਰਬੰਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਜੋ ਖਾਦ ਡੀਏਪੀ ਦੀ ਮੰਗ ਭੇਜੀ ਹੈ ਉਹ ਬਹੁਤ ਹੀ ਘੱਟ ਭੇਜੀ ਗਈ ਹੈ। ਜਿਸ ਨਾਲ ਸਭਾਵਿਕ ਹੈ ਕਿ ਖਾਦ ਨੂੰ ਲੈਕੇ ਕਿਸਾਨਾਂ ਵਿੱਚ ਹਫੜਾ ਤਫੜੀ ਦਾ ਮਾਹੌਲ ਜਰੂਰ ਬਣੇਗਾ। ਰਾਜੂ ਖੰਨਾ ਨੇ ਕਿਹਾ ਕਿ ਜਦੋਂ ਕੈਪਟਨ ਸਰਕਾਰ ਨੂੰ ਪਤਾ ਹੈ ਕਿ ਖਾਦ ਦੀ ਪੰਜਾਬ ਦੇ ਕਿਸਾਨਾਂ ਲਈ ਵੱਡੀ ਘਾਟ ਹੈ ਤਾਂ ਕੈਪਟਨ ਸਰਕਾਰ ਵੱਲੋਂ ਕੇਂਦਰ ਤੋਂ ਮੰਗ ਘੱਟ ਕਿਉਂ ਭੇਜੀ ਗਈ ਹੈ। ਰਾਜੂ ਖੰਨਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਆਲੂਆਂ ਦੀ ਫਸਲ ਤੇ ਕਣਕ ਦੀ ਫਸਲ ਦੀ ਬਜਾਈ ਨੂੰ ਦੇਖਦੇ ਹੋਏ ਤੁਰੰਤ ਜਿੱਥੇ ਸਹਿਕਾਰੀ ਸਭਾਵਾਂ ਦਾ ਕੋਟਾ ਜੋ ਘਟਾਇਆ ਗਿਆ ਹੈ ਉਸ ਨੂੰ ਮੁੜ 80 ਫੀਸਦੀ ਤੋਂ ਵਧਾ ਕੇ 100 ਫੀਸਦੀ ਕੀਤਾ ਜਾਵੇ ਤੇ ਹਰ ਸਹਿਕਾਰੀ ਸਭਾ ਵਿੱਚ ਕਿਸਾਨਾਂ ਲਈ ਹੁਣ ਤੋਂ ਹੀ ਖਾਦ ਦੀ ਸਪਲਾਈ ਵੱਡੀ ਪੱਧਰ ਤੇ ਯਕੀਨੀ ਬਨਾਈ ਜਾਵੇ ਤਾ ਜੋ ਸਹਿਕਾਰੀ ਸਭਾ ਵਿੱਚ ਗਏ ਕਿਸੇ  ਵੀ ਕਿਸਾਨ ਨੂੰ ਖਾਦ ਲਏ ਬਗੈਰ ਵਾਪਿਸ ਨਾ ਆਉਣ ਪਵੇ। ਇਸ ਗੱਲਬਾਤ ਸਮੇਂ ਉਹਨਾਂ ਨਾਲ ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜੱਥੇ ਪਰਮਜੀਤ ਸਿੰਘ ਖਨਿਆਣ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਗੁਰਬਖਸ਼ ਸਿੰਘ ਬੈਣਾ ਤੇ ਸੀਨੀ ਆਗੂ ਕੇਸਰ ਸਿੰਘ ਸੇਖੋਂ ਹਾਜਰ ਸਨ।

Leave a Reply

Your email address will not be published. Required fields are marked *