ਬੱਸ ਅੱਡੇ ਤੋਂ ਲੈ ਕੇ ਠੀਕਰੀਵਾਲਾ ਚੌਕ ਤੱਕ ਜਾਮ ਨੇ ਪਟਿਆਲਾ ਦੋ ਹਿੱਸਿਆਂ ’ਚ ਵੰਡਿਆ
ਅਧਿਆਪਕ, ਠੇਕਾ ਮੁਲਾਜ਼ਮ ਅਤੇ ਖ਼ੇਤ ਮਜ਼ਦੂਰ ਕਮੇਟੀ ਦੇ ਸੰਘਰਸ਼ ਨੇ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ
ਪਟਿਆਲਾ, 13 ਸਤੰਬਰ (ਮਧੂਸਾਰ ਬਿਊਰੋ) : ਸ਼ਾਹੀ ਸ਼ਹਿਰ ਵਿਚ ਸਾਰਾ ਦਿਨ ਸੜਕਾਂ ’ਤੇ ਜਾਮ ਲੱਗਿਆ ਰਿਹਾ। ਬੱਸ ਅੱਡੇ ਤੋਂ ਲੈ ਕੇ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਸਾਰਾ ਮਾਲ ਰੋਡ ਜਾਮ ਰਿਹਾ। ਇਸ ਕਾਰਨ ਲੋਕਾਂ ਵੱਲੋਂ ਆਸ-ਪਾਸ ਦੀਆਂ ਗਲੀਆਂ ਅਤੇ ਸੜਕਾਂ ਦਾ ਸਹਾਰਾ ਲਿਆ ਗਿਆ, ਜਿਸ ਕਾਰਕੇ ਜ਼ਿਆਦਾ ਵਾਹਨਾਂ ਕਾਰਨ ਇਹ ਸੜਕਾਂ ਅਤੇ ਗਲੀਆਂ ਵੀ ਪੂਰੀ ਤਰ੍ਹਾਂ ਜਾਮ ਹੋ ਗਈਆਂ। ਪਿਛਲੇ ਕਾਫੀ ਦਿਨਾਂ ਤੋਂ ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਠੇਕਾ ਮੁਲਾਜ਼ਮਾਂ ਵੱਲੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ, ਜਦਕਿ ਬੇਰੁਜ਼ਗਾਰ ਅਧਿਆਪਕਾਂ ਨੇ ਫੁਹਾਰਾ ਚੌਕ ਵੱਲ ਮਾਰਚ ਕੀਤਾ, ਉਧਰ ਖੇਤ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੇਰਾਂਵਾਲਾ ਗੇਟ ’ਤੇ ਲਗਾਏ ਗਏ ਜਾਮ ਨੇ ਟ੍ਰੈਫਿਕ ਦੇ ਹਾਲਾਤ ਹੋਰ ਵਿਗਾੜ ਦਿੱਤੇ। ਇਸੇ ਤਰ੍ਹਾਂ ਬੱਸ ਅੱਡੇ ਅੰਦਰ ਪੀ.ਆਰ.ਟੀ.ਸੀ. ਪਨਬੱਸ ਠੇਕਾ ਮੁਲਾਜ਼ਮਾਂ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ।
ਇਸ ਰੋਡ ’ਤੇ ਇੰਨੇ ਜ਼ਿਆਦਾ ਧਰਨੇ ਹੋਣ ਕਾਰਨ ਇਹ ਮਾਲ ਰੋਡ ਪੂਰੀ ਤਰ੍ਹਾਂ ਜਾਮ ਰਿਹਾ। ਜਦੋਂ ਰਾਹਗੀਰ ਲੋਕਾਂ ਨੇ ਆਉਣ ਜਾਣ ਲਈ ਆਸ-ਪਾਸ ਦੀਆਂ ਗਲੀਆਂ ਤੇ ਸੜਕਾਂ ਦਾ ਸਹਾਰਾ ਲੈਣਾ ਚਾਹਿਆ ਤਾਂ ਵਾਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਕਿ ਉਥੇ ਵੀ ਜਾਮ ਦੀ ਸਥਿਤੀ ਬਣ ਗਈ। ਜਦਕਿ ਮੰਗਾ ਨੂੰ ਲੈ ਕੇ ਪਾਵਰਕਾਮ ਦਫਤਰ ਸ਼ੇਰਾਂਵਾਲਾ ਗੇਟ ਅੱਗੇ ਖੇਤ ਮਜ਼ਦੂਰ ਸੰਘਰਸਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਇਨ੍ਹਾਂ ਵੱਲੋਂ ਲਗਾਏ ਗਏ ਧਰਨੇ ਕਾਰਨ ਫੁਹਾਰਾ ਚੌਕ ਤੋਂ ਸ਼ੇਰਾਂਵਾਲਾ ਗੇਟ ਤੱਕ ਪੂਰੀ ਤਰ੍ਹਾਂ ਸੜਕ ਜਾਮ ਰਹੀ। ਜਦਕਿ ਨਾਲ ਲੱਗਦੇ ਇਲਾਕਿਆਂ ਛੋਟੀ ਬਾਰਾਂਦਰੀ, ਨਾਭਾ ਗੇਟ, ਲੀਲਾ ਭਵਨ, ਬਡੂੰਗਰ ਰੋਡ, ਬਾਰਾਂਦਰੀ, ਧਰਮਪੁਰਾ ਬਾਜ਼ਾਰ ਸਮੇਤ ਹੋਰ ਕਈ ਇਲਾਕਿਆਂ ਦੀ ਆਵਾਜਾਈ ਪ੍ਰਭਾਵਿਤ ਰਹੀ। ਅੱਜ ਪਨਬੱਸ/ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਸਰਕਾਰ ਖਿਲਾਫ ਰੋਸ ਰੈਲੀ ਕੱਢੀ ਗਈ। ਇਸ ਮੌਕੇ ’ਤੇ ਬੋਲਦਿਆਂ ਪਟਿਆਲਾ ਡਿੱਪੂ ਸੈਕਟਰੀ ਜਸਦੀਪ ਸਿੰਘ ਲਾਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਅਦਾਰੇ ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਵਰਕਰ ਕਾਫੀ ਲੰਬੇ ਸਮੇਂ ਤੋਂ ਆਊਟਸੋਰਸਿੰਗ ਤੇ ਕੰਟਰੈਕਟ ’ਤੇ ਕੰਮ ਕਰ ਰਹੇ ਹਨ ਅਤੇ ਬਹੁਤ ਨਿਗੂਣੀਆਂ ਤਨਖਾਹਾਂ ’ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ। ਇਸ ਮੌਕੇ ਜਨਰਲ ਸੈਕਟਰੀ ਕੁਲਦੀਪ ਸਿੰਘ ਮੋਮੀ, ਸੂੂਬਾ ਆਗੂ ਹਰਮਨ ਸਿੰਘ, ਵਾਈਸ ਪ੍ਰਧਾਨ ਹਰਜਿੰਦਰ ਗੋਰਾ, ਚੇਅਰਮੈਨ ਸੁਲਤਾਨ ਸਿੰਘ, ਏਕਮ ਸਿੰਘ, ਪਵਨ ਢੀਂਡਸਾ, ਮੇਹਰ ਸਿੰਘ, ਕੈਸ਼ੀਅਰ ਅਤਿੰਦਰਪਾਲ ਸਿੰਘ, ਹੈਪੀ ਸਿੰਘ, ਸੰਦੀਪ ਕੁਮਾਰ, ਏਕਮ ਸਿੰਘ ਅਤੇ ਹੋਰ ਸਾਥੀ ਹਾਜ਼ਰ ਰਹੇ।
ਇਸੇ ਤਰ੍ਹਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਠੇਕਾ ਮੁਲਾਜ਼ਮਾਂ ਵੱਲੋਂ ਠੀਕਰੀਵਾਲਾ ਚੌਕ ’ਚ ਕਾਫੀ ਦਿਨਾਂ ਤੋਂ ਵਿਭਾਗਾਂ ਵਿੱਚ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਪਰਿਵਾਰਾਂ ਸਮੇਤ ਲਗਾਇਆ ਪੱਕਾ ਮੋਰਚਾ ਅੱਜ 7ਵੇਂ ਦਿਨ ਵਿੱਚ ਵੀ ਲਗਾਤਾਰ ਜਾਰੀ। ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਵਰਿੰਦਰ ਸਿੰਘ ਮੋਮੀ, ਗੁਰਵਿੰਦਰ ਸਿੰਘ ਪੰਨੂੰ, ਸ਼ੇਰ ਸਿੰਘ ਖੰਨਾ ਆਦਿ ਨੇ ਕੈਪਟਨ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ, ਜਦੋਂ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਹਰ ਤਰ੍ਹਾਂ ਦੇ ਤੇ ਠੇਕਾ ਮੁਲਾਜ਼ਮਾਂ ਨੂੰ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ਦੀ ਕੁਰਸੀ ’ਤੇ ਬਿਰਾਜਮਾਨ ਹੋਈ ਸੀ ਪਰ ਤ੍ਰਾਸ਼ਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਖਜ਼ਾਨਾ ਖਾਲੀ ਹੋਣ ਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਪਿਛਲੇ ਲੰਬੇ ਸਮੇਂ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ, ਜਿਸ ਦੇ ਵਿਰੋਧ ਵਜੋਂ ਠੇਕਾ ਮੁਲਾਜ਼ਮਾਂ ਨੇ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨਵੇਂ ਲਿਆਂਦੇ ਜਾ ਰਹੇ ਐਕਟ ਵਿੱਚ ਸਮੂਹ ਕੈਟਾਗਰੀਆਂ ਨੂੰ ਸ਼ਾਮਲ ਕੀਤਾ ਜਾਵੇ।

