ਟੈੱਟ ਪ੍ਰੀਖਿਆ ਲੈਣ ਦੀ ਮੰਗ ਕਰ ਰਹੇ ਦੋ ਪ੍ਰਦਰਸ਼ਨਕਾਰੀਆਂ ਨੇ ਨਹਿਰ ’ਚ ਮਾਰੀ ਛਾਲ
ਪਟਿਆਲਾ, 13 ਸਤੰਬਰ (ਮਧੂਸਾਰ ਬਿਊਰੋ) ਈਟੀਟੀ ਤੇ ਬੀਐੱਡ ਪਾਸ ਯੂਨੀਅਨ ਵਰਕਰਾਂ ਵੱਲੋਂ ਟੈੱਟ ਪ੍ਰੀਖਿਆ ਲੈਣ ਦੀ ਮੰਗ ਲਈ ਪਸਿਆਣਾ ਨਹਿਰ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਦੋ ਪ੍ਰਦਰਸ਼ਨਕਾਰੀਆਂ ਵੱਲੋਂ ਨਹਿਰ ’ਚ ਵੀ ਛਾਲ ਮਾਰ ਦਿੱਤੀ ਗਈ। ਜਿਨ੍ਹਾਂ ਨੂੰ ਨਹਿਰ ਕਿਨਾਰੇ ਖੜ੍ਹੇ ਗੋਤਾਖੋਰਾਂ ਵੱਲੋਂ ਸਹੀ ਸਲਾਮਤ ਕੱਢ ਲਿਆ ਗਿਆ ਹੈ। ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਵੱਲੋਂ ਇੱਕ ਵਾਰ ਵੀ ਟੈੱਟ ਦੀ ਪ੍ਰੀਖਿਆ ਨਹੀਂ ਲਈ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਹੁਣ ਭਰਤੀ ਲਈ ਪੋਸਟਾਂ ਵੀ ਕੱਢ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਵੱਲੋਂ ਟੈੱਟ ਪ੍ਰੀਖਿਆ ਨਹੀਂ ਲਈ ਜਾਂਦੀ ਉਦੋਂ ਤੱਕ ਉਹ ਪ੍ਰਦਰਸ਼ਨ ਕਰਦੇ ਰਹਿਣਗੇ।
ਜਾਣਕਾਰੀ ਅਨੁਸਾਰ ਪਿਛਲੇ ਇਕ ਹਫਤੇ ਤੋਂ ਟੈੱਟ ਪ੍ਰੀਖਿਆ ਦੀ ਮੰਗ ਲਈ ਯੂਨੀਅਨ ਵੱਲੋਂ ਪਟਿਆਲਾ ਦੇ ਖੰਡਾ ਚੌਕ ਵਿਖੇ ਧਰਨਾ ਲਗਾਇਆ ਗਿਆ ਹੈ। ਪਰ ਹਾਲੇ ਤੱਕ ਕੋਈ ਵੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਸੋਮਵਾਰ ਨੂੰ ਦੁਪਹਿਰ 1 ਵਜੇ ਯੂਨੀਅਨ ਵਰਕਰਾਂ ਵੱਲੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦਿੰਦਿਆਂ ਯੂਨੀਅਨ ਦੇ ਮੈਂਬਰਾਂ ਦੇ ਇੱਕ ਜਥੇ ਵੱਲੋਂ ਪਸਿਆਣਾ ਭਾਖੜਾ ’ਤੇ ਧਰਨਾ ਲੱਗਾ ਦਿੱਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਿਮਰਨ ਸਿੰਘ ਨੇ ਕਿਹਾ ਕਿ ਉਹ ਸਰਕਾਰ ਵੱਲੋਂ 6635 ਪੋਸਟਾਂ ਭਰਨ ਤੋਂ ਪਹਿਲਾਂ 2019,2020 ਤੇ 2021 ਦਾ ਪੀਐਸ ਟੈਟ ਕਰਵਾਉਣਾ ਚਾਹੀਦਾ ਸੀ। ਇਸ ਦੇ ਰੋਸ ਵਜੋਂ ਯੂਨੀਅਨ ਵੱਲੋਂ ਪਟਿਆਲੇ ਵਿਖੇ 7 ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਮੋਤੀ ਮਹਿਲ ਦਾ ਘਿਰਾਓ ਪਹਿਲਾਂ ਕਰ ਚੁੱਕੇ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨਾਲ 24 ਅਗਸਤ ਨੂੰ ਮੀਟਿੰਗ ਤੈਅ ਵੀ ਕਰਵਾਈ ਗਈ ਸੀ। ਪਰ ਬਿਲਕੁਲ ਸਮੇਂ ’ਤੇ ਆ ਕੇ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਉਪਰੰਤ 3 ਸਤੰਬਰ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਸੀ। ਉਸ ਨੂੰ ਵੀ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

