ਗੁਰਦੁਆਰਾ ਸਾਹਿਬ ’ਚ ਭੋਲੇਨਾਥ ਦੀ ਆਰਤੀ ਅਤੇ ਕੇਕ ਕੱਟ ਕੇ ਮਨਾਇਆ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ
ਧਾਰਮਿਕ ਅਸਥਾਨਾਂ ’ਤੇ ਹੋ ਰਹੀ ਮਨਮੱਤ ਕਾਰਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ
ਪਟਿਆਲਾ 19 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਗੁਰਦੁਆਰਾ ਸਾਹਿਬਾਨ ’ਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ, ਜੋ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਂਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾਵਾਦ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ, ਪ੍ਰੰਤੂ ਸਭ ਤੋਂ ਅਹਿਮ ਵੱਡਾ ਕਾਰਨ ਇਹੋ ਹੈ ਕਿ ਧਾਰਮਕ ਅਸਥਾਨਾਂ ’ਤੇ ਹੋ ਰਹੀ ਮਨਮੱਤ ਕਾਰਨ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮਨਮੱਤ ਦੀ ਤਾਜ਼ਾ ਉਦਾਹਰਣ ਪਟਿਆਲਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਬੀਤੇ ਦਿਨੀਂ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਉਣ ਮੌਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਗੂ ਹੁੰਦੀ ਪ੍ਰੰਪਰਾ ਅਤੇ ਮਰਿਆਦਾ ਨੂੰ ਵੱਡੀ ਸੱਟ ਮਾਰੀ। ਗੁਰਦੁਆਰਾ ਸਾਹਿਬ ਵਿਖੇ ਹੋਈ ਮਨਮੱਤ ਨੂੰ ਲੈ ਕੇ ਸ਼ਹਿਰ ਦੇ ਸਿੱਖਾਂ ਵਿਚ ਵੱਡਾ ਰੋਸ ਵਿਖਾਈ ਦੇ ਰਿਹਾ, ਉਥੇ ਹੀ ਡੇਰਿਆਂ ’ਤੇ ਧਰਮ ਅਤੇ ਆਸਥਾ ਦੇ ਨਾਂ ’ਤੇ ਸੰਗਤਾਂ ਦੀ ਲੁੱਟ ਅਤੇ ਗੋਲਕਾਂ ’ਚ ਚੜ੍ਹ ਰਿਹਾ ਚੜਾਵਾ ਬਾਬਿਆਂ ਦੇ ਐਸ਼ੋ-ਇਸ਼ਰਤ ਅਤੇ ਸੁੱਖ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਿਥੇ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਲੰਗਰ ਛਕਣ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ, ਉਥੇ ਹੀ ਦੂਰੋਂ-ਦੁਰਾਡੇ ਤੋਂ ਏਨਾ ਸਮਾਗਮਾਂ ’ਚ ਪੁੱਜਦੇ ਕੀਰਤਨੀ ਅਤੇ ਚਿੱਟੇ ਚੋਲਿਆਂ ’ਚ ਪੁੱਜਦੇ ਬਾਬੇ ਲਿਫਾਫੇ ਫੜ੍ਹਕੇ ਚੱਲਦੇ ਬਣਦੇ ਹਨ।
ਬੀਤੇ ਦਿਨੀਂ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ ਗਿਆ, ਜੋ ਧਾਰਮਕ ਜਥੇਬੰਦੀਆਂ ਅਤੇ ਸੰਗਤਾਂ ਵਿਚ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਹੋਇਆ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਮਨਮੱਤ ਕੀਤੀ ਜਾ ਰਹੀ ਹੈ, ਜਿਥੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹਰ ਗੁਰਦੁਆਰਾ ਸਾਹਿਬ ਵਿਖੇ ਲਾਗੂ ਹੁੰਦੀ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ੋਸ਼ਲ ਮੀਡੀਏ ’ਤੇ ਗੁਰਦੁਆਰਾ ਸਾਹਿਬ ਦੀ ਵਾਇਰਲ ਹੋਈ ਵੀਡੀਓ ’ਚ ਸ਼ਰੇਆਮ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹਿੰਦੂ ਮਨਮੱਤ ਅਨੁਸਾਰ ਆਰਤੀ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਦੀ ਹਜ਼ੂਰੀ ’ਚ ਸੰਗਤਾਂ ਵੱਲੋਂ ਹਿੰਦੂਆਂ ਦੇ ਈਸ਼ਟ ਮਹਾਂਦੇਵ ਭੋਲੇਨਾਥ ਦੀ ਆਰਤੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੁਝ ਅਜਿਹੀਆਂ ਫੋਟੋਆਂ ਵੀ ਜਾਰੀ ਹੋਈਆਂ ਹਨ, ਜਿਥੇ ਗੁਰਦੁਆਰਾ ਸਾਹਿਬ ਦੇ ਅਸਥਾਨ ’ਤੇ ਵੱਡੇ-ਵੱਡੇ ਸਜਾਵਟੀ ਕੇਕ ਕੱਟੇ ਜਾ ਰਹੇ ਹਨ। ਕੇਕ ਕੱਟਣ ਵੇਲੇ ਹੱਦ ਇਥੋਂ ਤੱਕ ਹੋ ਜਾਂਦੀ ਹੈ ਕਿ ਜਦੋਂ ਅੰਮਿ੍ਰਤਧਾਰੀ ਸਿੰਘ ਵੱਲੋਂ ਪਹਿਨੀ ਹੋਈ ਸ੍ਰੀ ਸਾਹਿਬ ਨਾਲ ਕੇਕ ਕੱਟ ਦਿੱਤਾ ਜਾਂਦਾ ਹੈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਰੱਖੀ ਕੜਾਹ ਪ੍ਰਸ਼ਾਦ ਦੀ ਦੇਗ ਵੇਲੇ ਸ੍ਰੀ ਸਾਹਿਬ ਨੂੰ ਵਰਤਿਆ ਜਾਂਦਾ ਅਤੇ ਕੇਕ ਕੱਟਣ ਵੇਲੇ ਕੇਵਲ ਚਾਕੂ ਦੀ ਵਰਤੋਂ ਹੁੰਦੀ ਹੈ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅਜਿਹੀ ਅਣਦੇਖੀ ਸਪੱਸ਼ਟ ਕਰਦੀ ਹੈ ਕਿ ਡੇਰਾਵਾਦ ’ਚ ਮਨਮੱਤ ਨੂੰ ਬੜਾਵਾ ਮਿਲ ਰਿਹਾ ਹੈ ਅਤੇ ਬੇਅਦਬੀ ਵਰਗੀਆਂ ਘਟਨਾਵਾਂ ਮੁੜ-ਮੁੜ ਵਾਪਰ ਰਹੀਆਂ ਹਨ। ਸ਼ਹਿਰ ਦੇ ਇਕ ਹੋਰ ਚਰਚਿਤ ਗੁਰਦੁਆਰਾ ਸਾਹਿਬ ਵਿਚ ਕਿਸੇ ਨੂੰ ਵਿਆਹ ਦੇ ਕਾਰਜ ਸਮੇਂ ਲਾਵਾਂ ਫੇਰੇ ਨਹੀਂ ਲੈਣ ਦਿੱਤੇ ਜਾਂਦੇ, ਜਿਸ ’ਤੇ ਵੀ ਸਿੱਖ ਸੰਗਤਾਂ ਨੇ ਵੱਡਾ ਇਤਰਾਜ਼ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰਕੇ ਮਾਮਲੇ ਦੀ ਜਾਂਚ ਮੰਗੀ ਸੀ। ਇਲਾਕੇ ਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਇਕ ਧੜਾ ਧੱਕੇ ਨਾਲ ਕਾਬਜ਼ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੇਵਲ ਜਾਂਚ ਹੁਣ ਤੱਕ ਇਸ ਕਰਕੇ ਲਟਕਾ ਕੇ ਰੱਖੀ ਗਈ ਹੈ ਕਿ ਕਾਬਜ਼ਧਿਰ ਰਸੂਖਧਾਰ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸਿੱਖ ਧਾਰਮਕ ਰਹੁ ਰੀਤਾਂ ਅਨੁਸਾਰ ਵਿਆਹ ਦੇ ਕਾਰਜ ਅਤੇ ਲਾਵਾਂ ਤੱਕ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ’ਚ ਹੁੰਦੀਆਂ ਹਨ, ਪਰ ਗੁਰਦੁਆਰਾ ਸਾਹਿਬ ’ਚ ਲਾਗੂ ਕੀਤੀ ਗਈ ਮਨਮੱਤ ਕਾਰਨ ਅਜਿਹੀ ਸਥਿਤੀ ਵਿਚੋਂ ਲੰਘਣਾ ਪੈ ਰਿਹਾ ਹੈ। ਸ਼ਹਿਰ ਦੀਆਂ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੀ ਸ਼ਿਕਾਇਤ ’ਚ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨ ’ਚ ਚੱਲ ਰਹੀਆਂ ਮਨਮੱਤ ਨੂੰ ਖ਼ਤਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਪ੍ਰੰਪਰਾ ਨੂੰ ਬਹਾਲ ਕਰਵਾਇਆ ਜਾਵੇ। ਸੰਗਤਾਂ ਨੇ ਕਿਹਾ ਅਜਿਹੀਆਂ ਮਨਮੱਤ ਕਾਰਨ ਸਿੱਖ ਹਿਰਦਿਆਂ ਨੂੰ ਵੱਡੀ ਸੱਟ ਵੱਜ ਰਹੀ ਹੈ ਅਤੇ ਅਜਿਹੇ ਲੋਕ ਕੇਵਲ ਮਨਮੱਤ ਹੀ ਨਹੀਂ ਕਰਵਾਉਂਦੇ ਬਲਕਿ ਬੇਅਦਬੀ ਵਰਗੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੁੰਦੇ ਹਨ, ਜਿਸ ਕਾਰਨ ਸਮੁੱਚੀ ਸਿੱਖ ਕੌਮ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।

