ਪਟਿਆਲਾ

ਡਾ. ਅੰਬੇਦਕਰ ਦੀ ਦੇਣ ਨੂੰ ਜਾਣਨ ਲਈ ਭਾਰਤੀ ਸਮਾਜ ਨੂੰ ਸਮਝਣਾ ਜ਼ਰੂਰੀ: ਡਾ. ਸਤਨਾਮ ਚਾਨਾ

ਪਟਿਆਲਾ 20 ਸਤੰਬਰ (ਮਧੂਸਾਰ ਬਿਊਰੋ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੁਆਰਾ ਕਾਲਜ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਲੈਕਚਰ ਲੜੀ ਕਲੋਕੀਅਮ ਦੇ ਤਹਿਤ ‘ਭਾਰਤੀ ਸਮਾਜ ਨੂੰ ਡਾ. ਬੀ.ਆਰ.ਅੰਬੇਦਕਰ ਦੀ ਬਹੁਪੱਖੀ ਦੇਣ’ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਿੱਚ ਪ੍ਰਸਿੱਧ ਇਤਿਹਾਸਕਾਰ ਅਤੇ ਪ੍ਰੀਤਮ ਫ਼ਿਲਮ ਪ੍ਰੋਡਕਸ਼ਨ ਦੇ ਸੀ.ਈ.ਓ. ਸ੍ਰ. ਸਤਨਾਮ ਸਿੰਘ ਚਾਨਾ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਇਸ ਮੌਕੇ ਡੀਨ ਸਹਿ-ਸਰਗਰਮੀਆਂ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਲੈਕਚਰ ਲੜੀ ਦੇ ਉਦੇਸ਼ ਅਤੇ ਪ੍ਰੋਗਰਾਮ ਦੀ ਵਿਉਂਤ ਸਾਂਝੀ ਕੀਤੀ। ਡਾ. ਵੀਰਪਾਲ ਕੌਰ ਨੇ ਵਕਤਾ ਦੀ ਸਰੋਤਿਆਂ ਨਾਲ ਰਸਮੀ ਜਾਣ-ਪਹਿਚਾਣ ਕਰਵਾਈ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਸ੍ਰ. ਚਾਨਾ ਦੇ ਸਿੱਖ ਇਤਿਹਾਸ ਨਾਲ ਸਬੰਧਿਤ ਕੀਤੇ ਸਿਰੜੀ ਕਾਲਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾ. ਅੰਬੇਦਕਰ ਜਿਹੀਆਂ ਕੁੱਝ ਕੁ ਵਿਰਲੀਆਂ ਸ਼ਖ਼ਸੀਅਤਾਂ ਹੀ ਹੁੰਦੀਆਂ ਹਨ ਜੋ ਇੱਕ ਸੰਸਥਾ ਦੇ ਰੂਪ ਵਿੱਚ ਕਾਰਜ ਕਰਦੀਆਂ ਹਨ ਤੇ ਜਿੰਨਾਂ ਦਾ ਨਿਰਸਵਾਰਥ ਕੀਤਾ ਕਾਰਜ ਹੀ ਉਨ੍ਹਾਂ ਦੀ ਪਹਿਚਾਨ ਬਣਦਾ ਹੈ। ਉਹਨਾਂ ਤਾਕੀਦ ਕੀਤੀ ਕਿ ਸਾਨੂੰ ਗੁਰੂ ਰਵਿੰਦਰਨਾਥ ਟੈਗੋਰ, ਡਾ. ਅੰਬੇਦਕਰ ਅਤੇ ਮਹਾਤਮਾ ਗਾਂਧੀ ਜੀ ਦੇ ਰਾਹ ਭਾਵੇਂ ਵੱਖਰੇ ਜਾਪਦੇ ਹੋਣ ਪਰੰਤੂ ਇਹਨਾਂ ‘ਚ ‘ਆਜ਼ਾਦੀ ਦੇ ਸੁਪਨੇ’ ਦੀ ਸਾਂਝ ਨੂੰ ਅਣਗੌਲ਼ਿਆ ਨਹੀਂ ਜਾ ਸਕਦਾ।
ਇਤਿਹਾਸਕਾਰ ਸ੍ਰ. ਸਤਨਾਮ ਸਿੰਘ ਚਾਨਾ ਨੇ ਭਾਰਤ ਸਮਾਜ ਦੀ ਬਹੁਰੰਗੀ ਬਣਤਰ ਨੂੰ ਸਮਝਣ ‘ਤੇ ਜ਼ੋਰ ਦਿੰਦੇ ਹੋਏ ਡਾ. ਅੰਬੇਦਕਰ ਜੀ ਦੇ ਜੀਵਨ ਨੂੰ ਵਿਦਿਆਰਥੀ ਜੀਵਨ, ਸਮਾਜਿਕ ਸੰਘਰਸ਼, ਰਾਜਨੀਤਕ ਅੰਦੋਲਨ ਤੇ ਦੇਸ਼ ਉਸਾਰੀ ‘ਚ ਨਿਭਾਈ ਯੁੱਧ ਨੀਤੀਵਾਨ ਤੇ ਸਿਰੜੀ ਸ਼ਖ਼ਸੀਅਤ ਮੰਨਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਆਪਣੇ ਤੋਂ ਪਹਿਲਾਂ ਹੀ ਭਗਤਾਂ, ਗੁਰੂਆਂ ਦੁਆਰਾ ਜਾਤ-ਪਾਤ ਜਿਹੇ ਹਰ ਸਮਾਜਿਕ ਵਿਤਕਰੇ ਵਿਰੁੱਧ ਆਰੰਭੇ ਵਿਚਾਰਧਾਰਕ ਸੰਘਰਸ਼ ਨੂੰ ਹੀ ਅਪਣਾਇਆ ਅਤੇ ਨਵੀਂ ਵਿਚਾਰਧਾਰਕ ਯੁੱਧ ਨੀਤੀ ਰਾਹੀਂ ਇਸ ਸੰਘਰਸ਼ ਨੂੰ ਵਿਹਾਰਕ ਪੱਧਰ ‘ਤੇ ਅੱਗੇ ਵਧਾਇਆ।
ਮਨਮੋਹਕ ਅੰਦਾਜ਼ ‘ਚ ਮੰਚ ਸੰਚਾਲਨ ਦਾ ਕਾਰਜ ਹਿੰਦੀ ਵਿਭਾਗ ਦੇ ਮੁਖੀ ਡਾ. ਰੁਪਿੰਦਰ ਸ਼ਰਮਾ ਨੇ ਬਾਖ਼ੂਬੀ ਨਿਭਾਇਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਵੇਦ ਪ੍ਰਕਾਸ਼ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਸਮੇਂ ਫਿਲਮ ਨਿਰਦੇਸ਼ਕ ਵਿਸ਼ਾਲ ਸ਼ਰਮਾ ਅਤੇ ਸਾਰੇ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀ ਸ਼ਾਮਿਲ ਸਨ। ਇਸ ਪ੍ਰੋਗਰਾਮ ਦੀ ਤਕਨੀਕੀ ਜ਼ਿੰਮੇਵਾਰੀ ਡਾ. ਕੁਲਦੀਪ ਕੁਮਾਰ ਅਤੇ ਸ਼੍ਰੀ ਵਿਨੋਦ ਸ਼ਰਮਾ ਨੇ ਨਿਭਾਈ।

Leave a Reply

Your email address will not be published. Required fields are marked *