ਸਿਹਤਮੰਦ ਜੀਵਨ ਸ਼ੈਲੀ ਲਈ ਸਾਈਕਲ ਚਲਾਉਣਾ ਸਬ ਤੋਂ ਉੱਤਮ ਮਾਧਿਅਮ: ਸੰਦੀਪ ਰਿਸ਼ੀ
ਅੰਮ੍ਰਿਤਸਰ (ਸੁਖਬੀਰ ਸਿੰਘ ): ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਗਾਂਧੀ ਜਯੰਤੀ ਮੌਕੇ ਫਰੀਡਮ ਟੂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਾਈਕਲ ਗਰੁੱਪ ਜਿਵੇਂ ਕਿ ਅੰਮ੍ਰਿਤਸਰ ਬਾਈ-ਸਾਈਕਲ ਗਰੁੱਪ, ਸਿਟੀ ਆਨ ਪੈਡਲਜ਼, ਵੀ ਅੰਮ੍ਰਿਤਸਰ ਰਨਰਜ਼ (ਵਾਰ), ਬਿੰਦਾਸ ਅੰਮ੍ਰਿਤਸਰ ਸਾਈਕਲ ਗਰੁੱਪ ਅਤੇ ਸਾਈਕਲ ਚਲਾਉਣ ਦੇ ਸ਼ੌਕੀਨ 70 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਾਈਕਲ ਰੈਲੀ ਨੂੰ ਰਣਜੀਤ ਐਵੇਨਿ ਬੀ-ਬਲਾਕ ਮਾਰਕੀਟ ਤੋਂ ਸਵੇਰੇ 7 ਵਜੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸੰਦੀਪ ਰਿਸ਼ੀ ਨੇ ਮੀਂਹ ਦੇ ਬਾਵਜੂਦ ਸਾਈਕਲ ਰੈਲੀ ਵਿੱਚ ਆਏ ਸਾਈਕਲੀਸਟਾ ਦੇ ਉਤਸ਼ਾਹ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਈਕਲ ਚਲਾਉਣਾ ਅੱਜ ਦੇ ਸਮੇਂ ਤੇ ਸਿਹਤਮੰਦ ਜੀਵਨਸ਼ੈਲੀ ਜੀਉਣ ਦਾ ਸਭ ਤੋਂ ਉੱਤਮ ਮਾਧਿਅਮ ਹੈ ਅਤੇ ਇੱਕ ਸਿਹਤਮੰਦ ਸਮਾਜ ਹੀ ਵਿਕਸਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ, ਸਮਾਰਟ ਸਿਟੀ ਮਿਸ਼ਨ ਅਧੀਨ ਰਣਜੀਤ ਐਵੇਨਿ ਵਿਖੇ ਬਣਾਇਆ ਗਿਆ 2.6 ਕਿਲੋਮੀਟਰ ਲੰਬਾ ਸਾਈਕਲ ਟ੍ਰੈਕ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਾਲ ਸਿਟੀ ਦੇ ਬਾਹਰ ਸਮਾਰਟ ਰੋਡ ਵਜੋਂ ਵਿਕਸਤ ਕੀਤੇ ਜਾ ਰਹੇ 7.6 ਕਿਲੋਮੀਟਰ ਲੰਬੇ ਅਉਟਰ ਸਰਕੂਲਰ ਰੋਡ ਤੇ ਵੀ ਸਾਈਕਲ ਟ੍ਰੈਕ ਬਣਾਇਆ ਜਾ ਰਿਹਾ ਹੈ I ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਐਸ.ਈ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਨੋਡਲ ਅਫਸਰ ਪ੍ਰਦੀਪ ਜੈਸਵਾਲ, ਨਗਰ ਨਿਗਮ ਦੇ ਐਸ.ਈ ਸੰਦੀਪ ਸਿੰਘ, ਐਕਸੀਅਨ ਐਸ.ਐਸ ਮੱਲੀ ਆਦਿ ਵੀ ਹਾਜ਼ਰ ਸਨ।

