ਦੇਸ਼-ਵਿਦੇਸ਼ਪੰਜਾਬ

ਸੰਸਦ ਮੈਂਬਰ ਰਵਨੀਤ ਬਿੱਟੂ ਸ਼੍ਰੀਨਗਰ ਵਿੱਚ ਅਤਿਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ

ਅਤਿਵਾਦੀਆਂ ਨੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ: ਬਿੱਟੂ

ਸ਼੍ਰੀਨਗਰ/ਚੰਡੀਗੜ੍ਹ, 9 ਅਕਤੂਬਰ:(ਮਧੂਸਾਰ ਬਿਊਰੋ) ਪੰਜਾਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਅਤਿਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ੍ਰੀਨਗਰ ਗਏ। ਸ੍ਰੀ ਬਿੱਟੂ ਜਿਨ੍ਹਾਂ ਨਾਲ ਜੰਮੂ ਤੇ ਕਸ਼ਮੀਰ ਦੇ ਸਥਾਨਕ ਆਗੂ ਸ੍ਰੀ ਸੁਰਿੰਦਰ ਸਿੰਘ ਚੰਨੀ ਵੀ ਮੌਜੂਦ ਸਨ, ਨੇ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਇਹ ਜੰਮੂ-ਕਸ਼ਮੀਰ ਵਿੱਚ ਅਤਿਵਾਦੀਆਂ ਦੁਆਰਾ ਮਿੱਥ ਕੇ ਕੀਤੀਆਂ ਗਈਆਂ ਇਹ ਹੱਤਿਆਵਾਂ ਬਹੁਤ ਘਿਨਾਉਣੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਸ੍ਰੀਨਗਰ ਵਿੱਚ ਅਤਿਵਾਦੀਆਂ ਨੇ ਖਾਸ ਭਾਈਚਾਰਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਦੀਪਕ ਚੰਦ ਜੰਮੂ ਦਾ ਰਹਿਣ ਵਾਲਾ ਹਿੰਦੂ ਸੀ ਅਤੇ ਪ੍ਰਿੰਸੀਪਲ ਸੁਪਿੰਦਰ ਕੌਰ ਸਿੱਖ ਭਾਈਚਾਰੇ ਨਾਲ ਸਬੰਧਤ ਸੀ।

ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ਵਿੱਚ ਵਾਪਰਿਆ ਹਾਲੀਆ ਘਟਨਾਕ੍ਰਮ, ਭਾਰਤ ਖਾਸ ਕਰਕੇ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ ਜਿਨ੍ਹਾਂ ਦੀ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਕਾਰਨ ਪਾਕਿ ਦੀ ਸ਼ੈਅ ਪ੍ਰਾਪਤ ਅਤਿਵਾਦੀ ਸਮੂਹ ਅਜਿਹੀਆਂ ਕਾਇਰਤਾਪੂਰਨ ਗਤੀਵਿਧੀਆਂ ਨਾਲ ਪੰਜਾਬ ਅਤੇ ਜੰਮੂ -ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸ੍ਰੀ ਬਿੱਟੂ ਨੇ ਕਿਹਾ ਕਿ ਇਹ ਪਰਿਵਾਰ 90 ਦੇ ਦਹਾਕੇ ਤੋਂ ਇਲਾਕੇ ਦੇ ਹਰ ਭਾਈਚਾਰੇ ਦੇ ਲੋਕਾਂ, ਇੱਥੋਂ ਤੱਕ ਕਿ ਮੁਸਲਮਾਨਾਂ ਦੀ ਵੀ ਮਦਦ ਕਰ ਰਹੇ ਸਨ। ਪਰ ਇਸ ਗੈਰ-ਮਨੁੱਖੀ ਕਾਰਨਾਮੇ ਨੇ ਜੰਮੂ ਅਤੇ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ।

ਪੰਜਾਬ ਤੋਂ ਲੋਕ ਸਭਾ ਮੈਂਬਰ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਜੰਮੂ ਅਤੇ ਕਸ਼ਮੀਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਜਿਹੇ ਅਤਿਵਾਦੀ ਸੰਗਠਨਾਂ ਨਾਲ ਸਖਤੀ ਨਾਲ ਨਜਿੱਠਣ ਦੀ ਅਪੀਲ ਵੀ ਕੀਤੀ।

Leave a Reply

Your email address will not be published. Required fields are marked *